ਡਾਸਨਾ (ਉੱਤਰ ਪ੍ਰਦੇਸ਼), 16 ਅਕਤੂਬਰ: ਇਲਾਹਾਬਾਦ ਹਾਈ ਕੋਰਟ ਵਲੋਂ ਆਰੂਸ਼ੀ-ਹੇਮਰਾਜ ਦੋਹਰੇ ਕਤਲ ਕਾਂਡ 'ਚ ਦੋਸ਼ਮੁਕਤ ਮਿਲੇ ਦੰਦਾਂ ਦਾ ਡਾਕਟਰ ਜੋੜਾ ਨੁਪੁਰ ਤਲਵਾਰ ਅੱਜ ਡਾਸਨਾ ਜੇਲ ਤੋਂ ਬਾਹਰ ਆ ਗਏ। ਲਗਭਗ ਚਾਰ ਸਾਲਾਂ ਬਾਅਦ ਤਲਵਾਰ ਜੋੜਾ ਅੱਜ ਸ਼ਾਮ ਪੰਜ ਵਜੇ ਜੇਲ ਤੋਂ ਬਾਹਰ ਆ ਗਏ।ਪੁਲਿਸ ਨੇ ਤਲਵਾਰ ਜੋੜੇ ਨੂੰ ਨੋਇਡਾ ਦੇ ਜਲਵਾਯੂ ਵਿਹਾਰ ਸਥਿਤ ਨੁਪੁਰ ਦੇ ਮਾਤਾ-ਪਿਤਾ ਦੇ ਘਰ ਪਹੁੰਚਾਇਆ। ਇਹ ਉਹੀ ਇਲਾਕਾ ਹੈ ਜਿਥੇ ਉਨ੍ਹਾਂ ਦਾ ਘਰ ਸੀ, ਜਿਸ 'ਚ 2008 'ਚ ਉਨ੍ਹਾਂ ਦੀ ਬੇਟੀ ਆਰੂਸ਼ੀ ਅਤੇ ਘਰੇਲੂ ਨੌਕਰ ਹੇਮਰਾਜ ਦਾ ਕਤਲ ਕਰ ਦਿਤਾ ਗਿਆ ਸੀ। ਦੋਹਾਂ ਨੂੰ ਜੇਲ ਤੋਂ ਨਿਕਲਦੇ ਵੇਲੇ ਕੈਮਰੇ 'ਚ ਕੈਦ ਕਰਨ ਲਈ ਮੀਡੀਆ ਵਾਲਿਆਂ ਦੀ ਭਾਰੀ ਭੀੜ ਜਮ੍ਹਾਂ ਸੀ। ਇਸ ਕਰ ਕੇ ਜੇਲ ਦੇ ਬਾਹਰ ਸੜਕ ਉਤੇ ਕਾਫ਼ੀ ਭੀੜ-ਭੜੱਕਾ ਸੀ।