ਤਰਨਤਾਰਨ, 3 ਫ਼ਰਵਰੀ (ਚਰਨਜੀਤ ਸਿੰਘ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਜੋ ਕਿ ਇਸ ਮਹੀਨੇ ਦੇ ਅਖ਼ੀਰ ਵਿਚ ਭਾਰਤ ਅਤੇ ਖਾਸਕਰ ਪੰਜਾਬ ਦੀ ਯਾਤਰਾ ਤੇ ਆ ਰਹੇ ਹਨਠ, ਦੀ ਯਾਤਰਾ ਨੂੰ ਵਿਵਾਦਗ੍ਰਸਤ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਜਸਟਿਸ ਟਰੂਡੋ ਦੀ ਭਾਰਤ ਅਤੇ ਪੰਜਾਬ ਦੀ ਇਸ ਫੇਰੀ ਵਲ ਜਿਥੇ ਦੁਨੀਆਂ ਦੀਆਂ ਨਜ਼ਰਾਂ ਲਗੀਆਂ ਹੋਈਆਂ ਹਨ, ਉਥੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦਾ ਧਿਆਨ ਇਸ ਫੇਰੀ ਵਲ ਹੈ। ਜਸਟਿਸ ਟਰੂਡੋ ਦੀ ਇਸ ਫੇਰੀ ਨੂੰ ਇਕ ਸਾਜ਼ਸ਼ ਤਹਿਤ ਖ਼ਾਲਿਸਤਾਨ ਨਾਲ ਜੋੜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਸਰਕਾਰ ਵਲੋਂ ਜਸਟਿਸ ਟਰੂਡੋ ਦੀ ਆਮਦ ਨੂੰ ਲੈ ਕੇ ਕੋਈ ਖਾਸ ਦਿਲਚਸਪੀ ਨਾ ਵਿਖਾਏ ਜਾਣ ਤੋਂ ਬਾਅਦ ਹੁਣ ਇਕ ਅੰਗਰੇਜ਼ੀ ਦੇ ਰਸਾਲੇ ਨੇ ਜਸਟਿਸ ਟਰੂਡੋ ਨੂੰ ਖ਼ਾਲਿਸਤਾਨ ਦਾ ਹਮਾਇਤੀ ਕਰਾਰ ਦਿੰਦੇ ਹੋਏ ਅਪਣੇ ਰਸਾਲੇ ਦੇ ਕਵਰ ਪੰਨੇ ਤੇ ਤਸਵੀਰ ਲਗਾਈ ਹੈ ਤੇ ਸਿਰਲੇਖ ਦਿਤਾ ਹੈ 'ਖ਼ਾਲਿਸਤਾਨ-2; ਮੇਡ ਇਨ ਕੈਨੇਡਾ'। ਅੰਗਰੇਜ਼ੀ ਰਸਾਲੇ 'ਆਉਟਲੁਕ' ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਸਟਿਸ ਟਰੂਡੋ ਕੈਨੇਡਾ ਵਿਚ ਖ਼ਾਲਿਸਤਾਨ -2 ਬਣਾਉਣ ਲਈ ਯਤਨ ਕਰ ਰਹੇ ਹਨ।
ਇਹ ਰਸਾਲਾ ਇਸ ਮਹੀਨੇ ਦੀ 12 ਤਰੀਕ ਨੂੰ ਬਾਜ਼ਾਰ ਵਿਚ ਆ ਰਿਹਾ ਹੈ ਪਰ ਰਸਾਲੇ ਦਾ ਮੁੱਖ ਪੰਨਾ ਵੈਬਸਾਈਟ 'ਤੇ ਪਹਿਲਾਂ ਹੀ ਪਾ ਦਿਤਾ ਗਿਆ ਹੈ ਤਾਕਿ ਰਸਾਲਾ ਮਾਰਕੀਟ ਵਿਚ ਆਉਣ ਤੋਂ ਪਹਿਲਾਂ ਹੀ ਮਾਮਲਾ ਗਰਮਾ ਜਾਵੇ। ਜਾਣਕਾਰੀ ਮੁਤਾਬਕ ਕੈਨੇਡਾ ਦੁਨੀਆਂ ਦਾ ਇਕੋ ਇਕ ਦੇਸ਼ ਹੈ ਜਿਥੇ ਪੰਜਾਬ ਤੋਂ ਬਾਅਦ ਸੱਭ ਤੋਂ ਵਧ ਕਰੀਬ 20 ਲੱਖ ਦੀ ਆਬਾਦੀ ਸਿੱਖਾਂ ਦੀ ਹੈ। ਕੈਨੇਡਾ ਦੇ ਰਖਿਆ ਮੰਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਸ. ਹਰਜੀਤ ਸਿੰਘ ਸੱਜਣ ਦੀ ਪੰਜਾਬ ਫੇਰੀ (19 ਅਪ੍ਰੈਲ 2017) ਮੌਕੇ ਵੀ ਕੁੱਝ ਧਿਰਾਂ ਨੇ ਵਿਰੋਧ ਕਰਦਿਆਂ ਸੱਜਣ 'ਤੇ 'ਅਤਿਵਾਦੀਆਂ' ਨਾਲ ਸਬੰਧਾਂ ਦਾ ਰੌਲਾ ਪਵਾਇਆ ਸੀ। ਕੈਨੇਡਾ ਵਿਚ ਵਸਦੇ ਪੰਜਾਬੀ ਜਿਥੇ ਆਰਥਕ ਪਖੋਂ ਖ਼ੁਸ਼ਹਾਲ ਹਨ, ਉਥੇ ਸਮਾਜਕ ਅਤੇ ਰਾਜਨੀਤਕ ਪਖੋਂ ਵੀ ਸਵੈਨਿਰਭਰ ਹਨ। ਕੈਨੇਡਾ ਦੇ ਹੁਣ ਤਕ ਦੋ ਪ੍ਰਧਾਨ ਮੰਤਰੀ ਪੰਜਾਬ ਆ ਚੁੱਕੇ ਹਨ।