...ਤੇ 'ਭਗਤ' ਐਡੀਸ਼ਨਲ ਮੈਨੇਜਰ ਨੇ 'ਰਾਧੇ ਮਾਂ' ਦੇ ਪੈਰ ਛੂਹ ਲਏ

ਤਰਨਤਾਰਨ, 13 ਦਸੰਬਰ (ਚਰਨਜੀਤ ਸਿੰਘ): ਰਾਧੇ ਮਾਂ ਵਲੋਂ ਦਰਬਾਰ ਸਾਹਿਬ ਆਉਣ 'ਤੇ ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਵਲੋਂ ਰਾਧੇ ਮਾਂ ਦੇ ਪੈਰ ਛੂਹਣ ਦੀ ਚਰਚਾ ਹੈ। ਰਾਧੇ ਮਾਂ ਦੀ ਆਮਦ ਤੇ ਇਹ ਐਡੀਸ਼ਨਲ ਮੈਨੇਜਰ ਇਨ੍ਹਾਂ ਖ਼ੁਸ਼ ਹੋ ਗਿਆ ਕਿ ਉਹ ਦਰਬਾਰ ਸਾਹਿਬ ਦੇ ਮੈਨੇਜਰ ਦੇ ਮਾਣ-ਸਨਮਾਨ ਦੀਆਂ ਧੱਜੀਆਂ ਉਡਾਉਂਦਾ ਹੋਇਆ ਰਾਧੇ ਮਾਂ ਦਾ ਸਵਾਗਤ ਕਰਨ ਲਈ ਪਲਾਜ਼ਾ ਤਕ ਚਲਾ ਗਿਆ।  ਇਹ ਐਡੀਸ਼ਨਲ ਮੈਨੇਜਰ ਮਾਝੇ ਦੇ ਇਕ ਸਾਬਕਾ ਅਕਾਲੀ ਮੰਤਰੀ ਦੀ ਕ੍ਰਿਪਾ ਨਾਲ ਤੇਜ਼ੀ ਨਾਲ ਤਰਕੀ ਦੀਆਂ ਮੰਜ਼ਲਾਂ ਪਾਰ ਕਰਦਾ ਹੋਇਆ ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜ਼ਰ ਦੇ ਅਹੁਦੇ 'ਤੇ ਬਿਰਾਜਮਾਨ ਹੋਇਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨੀ ਰਾਧੇ ਮਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਈ। ਐਡੀਸ਼ਨਲ ਮੈਨੇਜਰ ਪ੍ਰਕਰਮਾਂ ਦੀ ਮੁੱਖ ਦਫ਼ਤਰ ਨੇ ਡਿਉਟੀ ਲਗਾਈ ਸੀ ਕਿ ਉਹ ਜਲਦ ਪ੍ਰਬੰਧ ਕਰ ਕੇ ਰਾਧੇ ਮਾਂ ਨੂੰ ਮੱਥਾ ਟਿਕਵਾ ਕੇ ਵਾਪਸ ਭੇਜ ਦੇਵੇ ਪਰ ਦੋ ਹੋਰ ਐਡੀਸ਼ਨਲ ਮੈਨੇਜਰਾਂ ਨੇ ਡਿਉਟੀ ਵਾਲੇ ਮੈਨੇਜਰ ਨੂੰ ਬਾਈਪਾਸ ਕਰਦਿਆਂ ਰਾਧੇ ਮਾਂ ਦੀ ਆਮਦ ਮੌਕੇ ਖ਼ੁਦ ਮੌਕੇ 'ਤੇ ਜਾ ਕੇ ਮੋਰਚਾ ਸੰਭਾਲ ਲਿਆ ਤੇ ਰਾਧੇ ਮਾਂ ਨੂੰ ਦਰਸ਼ਨ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਈ। ਇਕ ਐਡੀਸ਼ਨਲ ਮੈਨੇਜਰ ਨੇ ਰਾਧੇ ਮਾਂ ਪ੍ਰਤੀ  ਲੋੜ ਨਾਲੋਂ ਵਧ ਸ਼ਰਧਾ ਵਿਖਾਉਂਦਿਆਂ ਉਸ ਦਾ ਗੱਡੀ ਵਿਚੋਂ ਪੈਰ ਬਾਹਰ ਰਖਦੇ ਸਾਰ ਹੀ ਪੈਰ ਛੂਹ ਲੈਣ ਤਕ ਚਲਾ ਗਿਆ। ਐਡੀਸ਼ਨਲ ਮੈਨੇਜਰ ਨੇ ਤੁਰਤ ਵਿਸ਼ੇਸ਼ ਪ੍ਰਬੰਧ ਕਰਦਿਆਂ ਰਾਧੇ ਮਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ। ਐਡੀਸ਼ਨਲ ਮੈਨੇਜਰ ਰਾਧੇ ਮਾਂ ਤੋਂ ਇੰਨਾਂ ਪ੍ਰਭਾਵਤ ਹੋ ਗਿਆ ਕਿ ਉਸ ਨੇ ਸੰਗਤ ਦੀ ਪ੍ਰਵਾਹ ਕੀਤੇ ਬਿਨਾਂ ਰਾਧੇ ਮਾਂ ਨੂੰ ਕੀਤਰਨ ਸੁਣਨ ਲਈ ਬੈਠਣ ਲਈ ਵੀ ਉਕਤ ਨੇ ਵਿਸ਼ੇਸ਼ ਪ੍ਰਬੰਧ ਕਰਵਾਏ।  ਦਰਬਾਰ ਸਾਹਿਬ ਤੋਂ ਵਾਪਸੀ 'ਤੇ ਐਡੀਸ਼ਨਲ ਮੈਨੇਜਰ ਨੇ ਰਾਧੇ ਮਾਂ ਤੇ ਉਸ ਨਾਲ ਆਏ ਸਾਥੀਆਂ ਨੂੰ ਸੂਚਨਾ ਕੇਂਦਰ ਵਿਚ ਲਿਜਾ ਕੇ ਚਾਹ ਪਿਲਾਈ। ਐਡੀਸ਼ਨਲ ਮੈਨੇਜਰ ਰਾਧੇ ਮਾਂ ਦਾ ਇੰਨਾ ਭਗਤ ਬਣ ਗਿਆ ਕਿ ਜਦ ਰਾਧੇ ਮਾਂ ਦਰਬਾਰ ਸਾਹਿਬ ਲੰਗਰ ਲਈ ਮਾਇਆ ਭੇਟ ਕਰਨ ਲਗੀ ਤਾਂ ਉਸ ਨੇ ਰੋਕ ਦਿਤਾ।