ਬਠਿੰਡਾ, 23 ਦਸੰਬਰ (ਸੁਖਜਿੰਦਰ ਮਾਨ): ਸੂਬੇ ਦੇ ਜਨਤਕ ਥਰਮਲ ਪਲਾਟਾਂ ਨੂੰ ਬੰਦ ਕਰਨ ਵਿਰੁਧ ਲੋਕ ਰੋਹ ਹੋਰ ਭੱਖ ਗਿਆ ਹੈ। ਇਸ ਮਾਮਲੇ 'ਚ ਅੱਜ ਬਿਜਲੀ ਕਾਮਿਆਂ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੈਂਕੜਿਆਂ ਦੀ ਤਾਦਾਦ 'ਚ ਇਕੱਤਰ ਹੋ ਕੇ ਸ਼ਹਿਰ ਵਿਚ ਰੋਸ ਮਾਰਚ ਕਰ ਕੇ ਵਿੱਤ ਮੰਤਰੀ ਦੇ ਦਫ਼ਤਰ ਦਾ ਘਿਰਾਉ ਕੀਤਾ ਗਿਆ। ਥਰਮਲਾਂ ਨੂੰ ਬੰਦ ਕਰਨ ਦੇ ਮਾਮਲੇ 'ਚ ਬਿਜਲੀ ਕਾਮਿਆਂ ਨੇ ਸੂਬੇ ਦੇ ਵਿੱਤ ਮੰਤਰੀ ਉਪਰ ਉਂਗਲ ਚੁੱਕੀ ਹੈ। ਵਿਰੋਧੀ ਧਿਰਾਂ ਨੇ ਵੀ ਮੌਕੇ ਨੂੰ ਸਾਂਭਦਿਆਂ ਕਾਂਗਰਸ ਸਰਕਾਰ ਨੂੰ ਘੇਰਨ ਦੀ ਰਣਨੀਤੀ ਤਿਆਰ ਕੀਤੀ ਹੈ। ਆਪ ਆਗੂ ਖੁਲ੍ਹੇ ਤੌਰ 'ਤੇ ਇਸ ਮੁੱਦੇ ਉਪਰ ਬਿਜਲੀ ਕਾਮਿਆਂ ਨਾਲ ਡਟ ਗਏ ਹਨ। ਦੂਜੇ ਪਾਸੇ ਅਕਾਲੀ ਦਲ ਨੇ 25 ਤੋਂ ਸੰਘਰਸ਼ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਅੱਜ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਇੰਪਲਾਈਜ਼ ਤਾਲਮੇਲ ਕਮੇਟੀ ਦੇ ਸੱਦੇ ਹੇਠ ਵੱਡੀ ਗਿਣਤੀ 'ਚ ਬਿਜਲੀ ਕਾਮਿਆਂ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਥਰਮਲ ਗੇਟ ਤੋਂ ਸ਼ੁਰੂ ਕਰ ਕੇ ਸ਼ਹਿਰ 'ਚ ਵੱਡਾ ਰੋਸ ਮਾਰਚ ਕੱਢਿਆ ਗਿਆ।
ਇਸ ਮੌਕੇ ਕਮੇਟੀ ਆਗੂ ਗੁਰਸੇਵਕ ਸਿੰਘ ਸੰਧੂ, ਪ੍ਰਕਾਸ਼ ਸਿੰਘ, ਅਸ਼ਵਨੀ ਕੁਮਾਰ, ਰੂਪ ਸਿੰਘ, ਜਗਤਾਰ ਸਿੰਘ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਮਲਕੀਤ ਸਿੰਘ ਸੈਣੀ, ਭੋਲਾ ਸਿੰਘ ਮਲੂਕਾ, ਮੇਜਰ ਸਿੰਘ, ਦੀਪਕ ਬਾਂਸਲ, ਬਲਜੀਤ ਬਰਾੜ ਆਦਿ ਹਾਜ਼ਰ ਸਨ। ਆਗੂਆਂ ਨੇ ਇਸ ਮੌਕੇ ਐਲਾਨ ਕੀਤਾ ਕਿ ਉਹ ਇਸ ਮਾਮਲੇ 'ਤੇ ਆਰ-ਪਾਰ ਦੀ ਲੜਾਈ ਲੜਨਗੇ ਅਤੇ ਕਿਸੇ ਵੀ ਕੀਮਤ ਉਪਰ ਇਸ ਪਲਾਂਟ ਨੂੰ
ਬੰਦ ਨਹੀਂ ਹੋਣ ਦੇਣਗੇ। ਸ਼ਹਿਰ ਵਿਚੋਂ ਹੁੰਦੇ ਹੋਏ ਇਸ ਮਾਰਚ ਦੀ ਸਮਾਪਤੀ ਤੋਂ ਪਹਿਲਾਂ ਵਿਤ ਮੰਤਰੀ ਦੇ ਸਥਾਨਕ ਸਟੇਡੀਅਮ ਸਥਿਤ ਦਫ਼ਤਰ ਦਾ ਵੀ ਘਿਰਾਉ ਕੀਤਾ ਗਿਆ। ਇਸ ਤੋਂ ਇਲਾਵਾ ਸਥਾਨਕ ਹਨੂੰਮਾਨ ਚੌਕ ਕੋਲ ਸੰਕੇਤਕ ਤੌਰ 'ਤੇ ਕੁੱਝ ਕੁ ਮਿੰਟਾਂ ਲਈ ਜਾਮ ਵੀ ਲਗਾਇਆ ਗਿਆ। ਇਸ ਦੌਰਾਨ ਬੁਲਾਰਿਆਂ ਨੇ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਲਈ ਵਿੱਤ ਮੰਤਰੀ ਸ. ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਐਲਾਨ ਕੀਤਾ ਕਿ ਉਹ ਮਨਪ੍ਰੀਤ ਸਿੰਘ ਬਾਦਲ ਦਾ ਸ਼ਹਿਰ 'ਚ ਪੁੱਜਣ 'ਤੇ ਘਿਰਾਉ ਕਰਨਗੇ ਅਤੇ ਉਨ੍ਹਾਂ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ। ਜ਼ਿਲ੍ਹਾ ਪੁਲਿਸ ਵਲੋਂ ਵੀ ਇਸ ਮੌਕੇ ਵੱਡੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਉਂਜ ਅਪਣੇ ਵਿਰੋਧ ਦੀਆਂ ਕਨਸੋਆਂ ਮਿਲਦੇ ਹੀ ਵਿੱਤ ਮੰਤਰੀ ਨੇ ਸ਼ਹਿਰ 'ਚ ਰੱਖੇ ਸਮਾਗਮਾਂ ਨੂੰ ਰੱਦ ਕਰ ਦਿਤਾ ਗਿਆ। ਅਗਲੇ ਸੰਘਰਸ਼ ਦੀ ਰੂਪ-ਰੇਖਾ ਲਈ 25 ਨੂੰ ਟੀਚਰਜ਼ ਹੋਮ ਵਿਖੇ ਮੀਟਿੰਗ ਸੱਦੀ: ਥਰਮਲ ਪਲਾਂਟ ਨੂੰ ਬੰਦ ਕਰਨ ਦੇ ਮੁੱਦੇ 'ਤੇ ਆਗਾਮੀ ਇਕ ਜਨਵਰੀ ਤੋਂ ਬਿਜਲੀ ਕਾਮਿਆਂ ਦੁਆਰਾ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੱਕਾ ਮੋਰਚਾ ਸ਼ੁਰੂ ਕਰਨ ਤੋਂ ਇਲਾਵਾ ਅਗਲੇ ਸੰਘਰਸ਼ ਦੀ ਰੂਪ-ਰੇਖਾ ਲਈ ਇੰਪਲਾਈਜ਼ ਤਾਲਮੇਲ ਕਮੇਟੀ ਨੇ 25 ਦਸੰਬਰ ਨੂੰ ਸਥਾਨਕ ਟੀਚਰਮ ਹੋਮ ਵਿਖੇ ਮੀਟਿੰਗ ਸੱਦ ਲਈ ਹੈ। ਕਮੇਟੀ ਆਗੂ ਗੁਰਸੇਵਕ ਸਿੰਘ ਨੇ ਦਸਿਆ ਕਿ ਮੀਟਿੰਗ ਤੋਂ ਬਾਅਦ ਇਸ ਸੰਘਰਸ਼ ਨੂੰ ਵੱਡੇ ਪੱਧਰ 'ਤੇ ਲਿਜਾਇਆ ਜਾਵੇਗਾ।ਮਨਪ੍ਰੀਤ ਨੇ ਸ਼ਹਿਰ 'ਚ ਰੱਖੇ ਪ੍ਰੋਗਰਾਮ ਕੀਤੇ ਰੱਦ: ਬੀਤੇ ਕਲ ਥਰਮਲ ਪਲਾਂਟ ਦੀ ਇੰਪਲਾਈਜ਼ ਤਾਲਮੇਲ ਕਮੇਟੀ ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਉਣ ਅਤੇ ਸ਼ਹਿਰ 'ਚ ਉਨ੍ਹਾਂ ਦੀ ਆਮਦ 'ਤੇ ਘਿਰਾਉ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਅੱਜ ਉਨ੍ਹਾਂ ਅਪਣੇ ਪ੍ਰੋਗਰਾਮਾਂ ਨੂੰ ਰੱਦ ਕਰ ਦਿਤਾ। ਹਾਲਾਂਕਿ ਮੰਤਰੀ ਦੇ ਮੀਡੀਆ ਸਲਾਹਕਾਰ ਹਰਜੋਤ ਸਿੰਘ ਸਿੱਧੂ ਮੁਤਾਬਕ ਮਨਪ੍ਰੀਤ ਸਿੰਘ ਬਾਦਲ ਦੀ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਦੇ ਅੱਜ ਸ਼ਹਿਰ 'ਚ ਰੱਖੇ ਪ੍ਰੋਗਰਾਮ ਨੂੰ ਰੱਦ ਕੀਤਾ ਹੈ। ਉਂਜ ਇਹ ਜ਼ਰੂਰ ਪਤਾ ਲੱਗਿਆ ਹੈ ਕਿ ਉਹ ਸ਼ਹਿਰ 'ਚ ਕੁੱਝ ਇਕ ਥਾਵਾਂ 'ਤੇ ਨਿਜੀ ਤੌਰ ਉਪਰ ਗਏ ਸਨ ਜਿਨ੍ਹਾਂ ਵਿਚ ਆਈਟੀਆਈ ਨਜ਼ਦੀਕੀ ਸਤੀਸ਼ ਕੁਮਾਰ ਦੇ ਘਰ ਪਾਈ ਫ਼ੇਰੀ ਵੀ ਸ਼ਾਮਲ ਹੈ।