ਕੋਲੰਬੋ : ਸ੍ਰੀਲੰਕਾ 'ਚ ਖੇਡੀ ਜਾ ਰਹੀ ਤਿਕੋਣੀ ਸੀਰੀਜ਼ ਦਾ ਕੱਲ ਤੀਜਾ ਮੈਚ ਖੇਡਿਆ ਗਿਆ। ਵਿਕਟਕੀਪਰ ਬੱਲੇਬਾਜ਼ ਮੁਸ਼ਫਿਕਰ ਰਹੀਮ (ਅਜੇਤੂ 72) ਦੀ ਧਮਾਕੇਦਾਰ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ ਟੀ-20 ਕ੍ਰਿਕਟ ਟੂਰਨਾਮੈਂਟ ਦੇ ਮੈਚ ਵਿਚ 5 ਵਿਕਟਾਂ ਨਾਲ ਹਰਾ ਦਿਤਾ। ਬੰਗਲਾਦੇਸ਼ ਨੇ 215 ਦੌੜਾਂ ਦੇ ਪਹਾੜ ਵਰਗੇ ਟੀਚੇ ਦਾ ਪਿੱਛਾ ਕਰਦੇ ਹੋਏ 2 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕਰ ਲਈ। ਰਹੀਮ ਦੇ ਇਲਾਵਾ ਸਲਾਮੀ ਬੱਲੇਬਾਜ਼ਾਂ ਤਮੀਮ ਇਕਬਾਲ ਨੇ 47 ਤੇ ਲਿਟਨ ਦਾਸ ਨੇ 43 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਦਿਤਾ।
'ਮੈਨ ਆਫ ਦਿ ਮੈਚ' ਰਹੀਮ ਨੇ 35 ਗੇਂਦਾਂ ਦੀ ਆਪਣੀ ਪਾਰੀ ਵਿਚ 4 ਛੱਕੇ ਤੇ 5 ਚੌਕੇ ਲਾਏ। ਇਸ ਤੋਂ ਪਹਿਲਾਂ ਕੁਸ਼ਲ ਮੇਂਡਿਸ ਤੇ ਕੁਸ਼ਲ ਪਰੇਰਾ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਸ਼੍ਰੀਲੰਕਾ ਨੇ ਬੰਗਲਾਦੇਸ਼ ਵਿਰੁਧ 6 ਵਿਕਟਾਂ 'ਤੇ 214 ਦੌੜਾਂ ਬਣਾਈਆਂ ਸਨ। ਪ੍ਰੇਮਾਦਾਸਾ ਸਟੇਡੀਅਮ ਵਿਚ ਘਰੇਲੂ ਦਰਸ਼ਕਾਂ ਦੇ ਸਾਹਮਣੇ ਮੇਂਡਿਸ ਨੇ 57 ਤੇ ਪਰੇਰਾ ਨੇ 74 ਦੌੜਾਂ ਦੀਆਂ ਹਮਲਾਵਰ ਪਾਰੀਆਂ ਖੇਡੀਆਂ।
ਸ਼੍ਰੀਲੰਕਾ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਤੇ ਮੇਂਡਿਸ ਨੇ ਧਨੁੱਸ਼ਕਾ ਗੁਣਾਥਿਲਾਕਾ (26) ਨਾਲ ਪਹਿਲੀ ਵਿਕਟ ਲਈ 56 ਦੌੜਾਂ ਜੋੜੀਆਂ। ਬੰਗਲਾਦੇਸ਼ ਗੇਂਦਬਾਜ਼ਾਂ ਨੇ ਸ਼ਾਰਟ ਗੇਂਦਾਂ ਸੁੱਟੀਆਂ ਤੇ ਇਸ ਦਾ ਪੂਰਾ ਫਾਇਦਾ ਸ੍ਰੀਲੰਕਾਈ ਬੱਲੇਬਾਜ਼ਾਂ ਨੇ ਚੁੱਕਿਆ।
ਪਾਵਰ ਪਲੇਅ ਦੇ ਛੇ ਓਵਰਾਂ ਵਿਚ 70 ਦੌੜਾਂ ਬਣਾਈਆਂ। ਮੇਂਡਿਸ ਨੇ 30 ਗੇਂਦਾਂ 'ਤੇ 5 ਛੱਕਿਆਂ ਤੇ 2 ਚੌਕਿਆਂ ਦੀ ਮਦਦ ਨਾਲ 57 ਦੌੜਾਂ ਬਣਾਈਆਂ ਜਦਕਿ ਪਰੇਰਾ ਨੇ 8 ਚੌਕਿਆਂ ਤੇ 2 ਛੱਕਿਆਂ ਦੀ ਬਦੌਲਤ 48 ਗੇਂਦਾਂ 'ਤੇ 74 ਦੌੜਾਂ ਦੀ ਪਾਰੀ ਖੇਡੀ। ਮੁਸਤਾਫਿਜ਼ੁਰ ਰਹਿਮਾਨ ਨੇ ਗੁਣਾਥਿਲਾਕਾ ਨੂੰ ਆਊਟ ਕੀਤਾ, ਜਿਸ ਸਮੇਂ ਸਕੋਰ 10 ਓਵਰਾਂ ਵਿਚ ਇਕ ਵਿਕਟ 'ਤੇ 98 ਦੌੜਾਂ ਸੀ।
ਕੁਸ਼ਲ ਪਰੇਰਾ ਨੇ ਮੇਹਦੀ ਹਸੀ ਨੂੰ ਛੱਕਾ ਤੇ ਚੌਕਾ ਲਗਾ ਕੇ 11ਵੇਂ ਓਵਰ ਵਿਚ ਸ਼੍ਰੀਲੰਕਾ ਨੂੰ ਇਕ ਵਿਕਟ 'ਤੇ 111 ਦੌੜਾਂ ਤਕ ਪਹੁੰਚਾਇਆ। ਮੇਂਡਿਸ ਨੇ ਮੁਸਤਾਫਿਜ਼ੁਰ ਦਾ ਸਵਾਗਤ ਇਕ ਛੱਕੇ ਨਾਲ ਕਰਕੇ ਆਪਣਾ ਅਰਧ ਸੈਂਕੜਾ 26 ਗੇਦਾਂ ਵਿਚ ਪੂਰਾ ਕੀਤਾ। ਦਾਸੁਨ ਸ਼ਨਾਕਾ ਤੇ ਦਿਨੇਸ਼ ਚਾਂਦੀਮਲ ਜਲਦੀ ਆਊਟ ਹੋ ਗਏ ਪਰ ਉਪੱਲ ਥਰੰਗਾ ਨੇ 17ਵੇਂ ਓਵਰ ਵਿਚ ਦੋ ਚੌਕੇ ਤੇ ਇਕ ਛੱਕਾ ਲਗਾ ਕੇ 17 ਦੌੜਾਂ ਬਣਾ ਲਈਆਂ। ਉਹ ਪੰਜ ਗੇਦਾਂ ਵਿਚ 32 ਦੌੜਾਂ ਬਣਾ ਕੇ ਅਜੇਤੂ ਰਿਹਾ। ਬੰਗਲਾਦੇਸ਼ ਲਈ ਮੁਸਤਾਫਿਜ਼ੁਰ ਨੇ ਤਿੰਨ ਤੇ ਮਹਿਮੂਦਉੱਲਾ ਨੇ 2 ਵਿਕਟਾਂ ਹਾਸਲ ਕੀਤੀਆਂ।