ਤ੍ਰਿਪੁਰਾ : ਭਾਜਪਾ ਦੀ ਜਿੱਤ ਤੋਂ ਬਾਅਦ ਸਮਰਥਕਾਂ ਵੱਲੋਂ ਕਈ ਥਾਵਾਂ 'ਤੇ ਭੰਨਤੋੜ

ਅਗਰਤਲਾ : ਭਾਜਪਾ ਦੀ ਤ੍ਰਿਪੁਰਾ ਵਿਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਇਤਿਹਾਸਕ ਜਿੱਤ ਤੋਂ ਬਾਅਦ ਭਾਜਪਾ ਵਰਕਰ ਹਿੰਸਾ 'ਤੇ ਉਤਾਰੂ ਹੋ ਗਏ ਹਨ। ਦੋ ਦਿਨ ਜਿੱਤ ਦੇ ਜਸ਼ਨ ਮਨਾਉਣ ਤੋਂ ਬਾਅਦ ਅੱਜ ਭਾਜਪਾ ਵਰਕਰਾਂ ਨੇ ਸੂਬੇ ਵਿਚ ਕਈ ਥਾਵਾਂ 'ਤੇ ਤੋੜਫੋੜ ਕੀਤੀ। ਇਹੀ ਨਹੀਂ, ਭਾਜਪਾ ਵਰਕਰਾਂ ਨੇ ਬੇਲੋਨੀਆ ਵਿਚ ਬੁਲਡੋਜ਼ਰ ਦੀ ਮਦਦ ਨਾਲ ਰੂਸੀ ਕ੍ਰਾਂਤੀ ਤੇ ਕਮਿਊਨਿਸਟ ਵਿਚਾਰਧਾਰਾ ਦੇ ਨਾਇਕ ਵਲਾਦਮੀਰ ਲੈਨਿਨ ਦੀ ਮੂਰਤੀ ਨੂੰ ਵੀ ਤੋੜ ਦਿੱਤਾ ਹੈ। ਲੈਨਿਨ ਦੀ ਮੂਰਤੀ ਤੋੜੇ ਜਾਣ ਤੋਂ ਬਾਅਦ ਕਮਿਊਨਿਸਟ ਕੇਡਰ ਵਿਚਕਾਰ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ।



ਦੱਸ ਦੇਈਏ ਕਿ ਬੀਤੇ ਦਿਨ ਮੋਦੀ ਲਹਿਰ 'ਤੇ ਸਵਾਰ ਹੋਈ ਬੀਜੇਪੀ ਨੇ ਤ੍ਰਿਪੁਰਾ ਵਿਚ ਖੱਬੇ ਪੱਖੀ ਸਰਕਾਰ ਦੇ 25 ਸਾਲਾਂ ਦੇ ਮਜ਼ਬੂਤ ਕਿਲ੍ਹੇ ਨੂੰ ਸੰਨ੍ਹ ਲਗਾਉਂਦਿਆਂ ਜਿੱਤ ਹਾਸਲ ਕੀਤੀ ਹੈ, ਜਿੱਥੇ ਉਹ ਆਪਣੀ ਸਹਿਯੋਗੀ ਆਈਪੀਏਐੱਫਟੀ ਦੇ ਨਾਲ ਮਿਲਕੇ ਸਰਕਾਰ ਬਣਾਉਣ ਜਾ ਰਹੀ ਹੈ। ਭਾਜਪਾ ਦਾ ਪੂਰੇ ਤ੍ਰਿਪੁਰਾ ਵਿਚ ਇਕ ਵੀ ਕੌਂਸਲਰ ਨਹੀਂ ਸੀ ਤੇ ਉਸਨੇ 2013 ਦੀਆਂ ਚੋਣਾਂ ਵਿਚ ਦੋ ਫ਼ੀਸਦੀ ਤੋਂ ਵੀ ਘੱਟ ਵੋਟਾਂ ਹਾਸਲ ਕੀਤੀਆਂ ਸਨ ਪਰ ਇਸ ਵਾਰ ਉਸ ਨੇ ਇੱਥੋਂ ਇਤਿਹਾਸ ਜਿੱਤ ਹਾਸਲ ਕੀਤੀ ਹੈ।



ਭਾਵੇਂ ਕਿ ਤ੍ਰਿਪੁਰਾ ਵਿਚ ਭਾਜਪਾ ਅਤੇ ਆਰਐੱਸਐੱਸ ਨੇ ਚੋਣਾਂ ਦੌਰਾਨ ਕਾਫ਼ੀ ਮਿਹਨਤ ਕੀਤੀ ਸੀ, ਜਿਸ ਦਾ ਨਤੀਜਾ ਉਸ ਨੂੰ ਸ਼ਾਨਦਾਰ ਜਿੱਤ ਵਜੋਂ ਹਾਸਲ ਹੋਇਆ ਹੈ ਪਰ ਜਿੱਤ ਤੋਂ ਬਾਅਦ ਭਾਜਪਾ ਵਰਕਰਾਂ ਵੱਲੋਂ ਕੀਤੀ ਜਾ ਰਹੀ ਹਿੰਸਾ ਨੂੰ ਕਿਸੇ ਵੀ ਹਾਲਤ ਵਿਚ ਸਹੀ ਨਹੀਂ ਠਹਿਰਾਇਆ ਜਾ ਸਕਦਾ। ਦੂਜੇ ਪਾਸੇ ਲੈਨਿਨ ਦੀ ਮੂਰਤੀ ਤੋੜੇ ਜਾਣ 'ਤੇ ਖੱਬੇ-ਪੱਥੀ ਪਾਰਟੀ ਕੈਡਰ 'ਚ ਨਾਰਾਜ਼ਗੀ ਹੈ। ਨਰਾਜ਼ ਖੱਬੇ-ਪੱਖੀ ਪਾਰਟੀ ਨੇ ਟਵੀਟ 'ਤੇ ਆਪਣੀ ਨਾਰਾਜ਼ਗੀ ਜਾਹਿਰ ਕੀਤੀ ਹੈ। ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਲੈਫਟ ਦੇ ਦਫ਼ਤਰਾਂ 'ਤੇ ਹਮਲਿਆਂ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।