ਤੁਸੀ ਵੀ ਸਾਵਧਾਨ ਰਹੋ, ਮਾਂ ਕੋਲੋਂ ਖੋਹ ਕੇ ਇਸ ਪਲੈਨਿੰਗ ਤਹਿਤ 16 ਦਿਨਾਂ ਦਾ ਬੱਚਾ ਵੇਚਿਆ 50 ਹਜ਼ਾਰ ਰੁ.'ਚ

ਖਾਸ ਖ਼ਬਰਾਂ

ਸਥਾਨਕ ਸਿਵਲ ਹਸਪਤਾਲ ਵਿੱਚੋਂ ਇੱਕ ਨਵ-ਜੰਮੇ ਬੱਚੇ ਨੂੰ ਇੱਕ ਅਣਪਛਾਤੀ ਔਰਤ ਲੈ ਕੇ ਫਰਾਰ ਹੋ ਜਾਣ ਦੀ ਸੂਚਨਾ ਮਿਲੀ ਹੈ। ਖੰਨਾ ਦੇ ਸਿਵਲ ਹਸਪਤਾਲ ਦੀ ਦੂਸਰੀ ਮੰਜਿਲ 'ਤੇ  ਮਹਿਲਾ ਵਾਰਡ ਵਿੱਚ ਜ਼ੇਰੇ ਇਲਾਜ਼ ਸਾਰਿਤਾ ਪਤਨੀ ਜਗਜੀਵਨ ਚੌਧਰੀ ਵਾਸੀ ਨੇੜੇ ਰੇਲਵੇ ਸਟੇਸ਼ਨ ਖੰਨਾ ਕੋਲ ਇੱਕ ਮਹਿਲਾ ਨੇ ਆ ਕੇ ਉਸ ਨੂੰ ਪੁੱਛਿਆ ਕਿ ਤੁਹਾਡੀ ਫਾਇਲ ਕਿੱਥੇ ਹੈ ਤਾਂ ਉਸ ਨੇ ਕਿਹਾ ਫਾਇਲ ਤਾਂ ਉਸ ਕੋਲ ਨਹੀਂ ਹੈ। ਉਸ ਔਰਤ ਨੇ ਕਿਹਾ ਕਿ ਤੁਹਾਡੇ ਬੱਚੇ ਦੇ ਖੂਨ ਦੇ ਟੈਸਟ ਹੋਣਾ ਹੈ ਅਤੇ ਉਹ ਉਸ ਨਾਲ ਹੇਠਾਂ ਆ ਗਈ।

 

ਉਸ ਔਰਤ ਨੇ ਹਸਪਤਾਲ ਦੇ ਅਹਾਤੇ ਵਿੱਚ ਕੰਨਟੀਨ ਕੋਲ ਆ ਕੇ ਬੱਚੇ ਦੀ ਮਾਂ ਨੂੰ ਕੁਝ ਖਾਣ ਦੀ ਚੀਜ ਲਿਆਉਣ ਲਈ ਕਿਹਾ, ਜਦੋਂ ਬੱਚੇ ਦੀ ਮਾਂ ਹਸਪਤਾਲ ਦੇ ਬਾਹਰ ਕੁੱਝ ਲੈਣ ਗਈ ਤਾਂ ਜਦੋ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਉਹ ਔਰਤ ਉਥੇ ਨਹੀਂ ਸੀ। ਉਹ ਉਸ ਦੇ ਬੱਚੇ ਨੂੰ ਲੈ ਕੇ ਫਰਾਰ ਹੋ ਗਈ।



ਘਟਨਾ ਦੀ ਸੂਚਨਾ ਮਿਲਣ 'ਤੇ ਖੰਨਾ ਪੁਲਿਸ ਜ਼ਿਲ੍ਹਾ ਦੇ ਐਸ. ਪੀ. (ਆਈ) ਸ਼੍ਰੀ ਰਵਿੰਦਰਪਾਲ ਸਿੰਘ ਸੰਧੂ, ਡੀ. ਐਸ. ਪੀ. ਖੰਨਾ ਜਗਵਿੰਦਰ ਸਿੰਘ ਚੀਮਾ, ਡੀ. ਐਸ. ਪੀ. (ਡੀ.) ਰਣਜੀਤ ਸਿੰਘ, ਐਸ. ਐਚ. ਓ. ਥਾਣਾ ਸਿਟੀ ਖੰਨਾ ਰਜਨੀਸ਼ ਸੂਦ, ਐਸ. ਐਚ. ਓ. ਸਦਰ ਥਾਣਾ ਖੰਨਾ ਵਿਨੋਦ ਕੁਮਾਰ, ਸੀ. ਆਈ. ਏ. ਸਟਾਫ਼ ਖੰਨਾ ਦੇ ਇੰਚਾਰਜ ਅਜੀਤਪਾਲ ਸਿੰਘ ਆਪਣੀ ਪੁਲਿਸ ਫੋਰਸ ਸਮੇਤ ਪੁੱਜ ਗਏ ਅਤੇ ਪੁਲਿਸ ਵੱਲੋਂ ਸਿਵਲ ਹਸਪਤਾਲ ਖੰਨਾ ਅਤੇ ਆਸ. ਪਾਸ ਦੀਆਂ ਦੁਕਾਨਾਂ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਛਾਣਬੀਣ ਕੀਤੀ ਜਾ ਰਹੀ ਹੈ।


ਜ਼ਿਲ੍ਹਾ ਖੰਨਾ ਪੁਲਿਸ ਨੇ 23 ਸਤੰਬਰ ਨੂੰ ਦੁਪਹਿਰ ਵੇਲੇ ਖੰਨਾ ਦੇ ਸਿਵਲ ਹਸਪਤਾਲ ਵਿੱਚੋਂ ਨਵ ਜੰਮੇ ਬੱਚੇ ਨੂੰ ਕੁੱਝ ਹੀ ਘੰਟਿਆਂ ਦੌਰਾਨ ਬਰਾਮਦ ਕਰ ਲੈਣ ਦਾ ਦਾਅਵਾ ਕੀਤਾ ਹੈ। ਅੱਜ ਦੇਰ ਰਾਤ ਨੂੰ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਸ਼੍ਰੀ ਨਵਜੋਤ ਸਿੰਘ ਮਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੁਪਹਿਰ ਵੇਲੇ ਸਥਾਨਕ ਸਿਵਲ ਹਸਪਤਾਲ ਵਿੱਚ ਤੋਂ ਮਿਲੀ ਸੂਚਨਾ ਕਿ ਸਰਿਤਾ ਪਤਨੀ ਜਗਜੀਵਨ ਚੌਧਰੀ ਵਾਸੀ ਦਲੀਪ ਸਿੰਘ ਨਗਰ ਦਾ 16 ਦਿਨਾਂ ਦੇ ਬੱਚੇ ਨੂੰ ਇੱਕ ਅਣਪਛਾਤੀ ਔਰਤ ਚੋਰੀ ਕਰ ਕੇ ਲੈ ਗਈ ਸੀ।



ਜਿਸ ਤੋਂ ਉਪਰੰਤ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮਾਨਯੋਗ ਆਈ. ਜੀ. ਜਲੰਧਰ ਜੋਨਲ 02 ਸ਼੍ਰੀ ਅਰਪਿਤ ਸ਼ੁਕਲਾ ਅਤੇ ਡੀ. ਆਈ. ਜੀ. ਲੁਧਿਆਣਾ ਰੇਂਜ  ਸ਼੍ਰੀ ਗੁਰਸ਼ਰਨ ਸਿੰਘ ਦੀਆਂ ਹਿਦਾਇਤਾਂ 'ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਪੀ. (ਆਈ) ਸ਼੍ਰੀ ਰਵਿੰਦਰਪਾਲ ਸਿੰਘ ਸੰਧੂ, ਰਣਜੀਤ ਸਿੰਘ ਬਦੇਸ਼ਾਂ ਡੀ. ਐਸ. ਪੀ. (ਆਈ), ਜਗਵਿੰਦਰ ਸਿੰਘ ਚੀਮਾ ਡੀ. ਐਸ. ਪੀ. ਖੰਨਾ, ਇੰਸ. ਅਜੀਤਪਾਲ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਖੰਨਾ, ਵਿਨੋਦ ਕੁਮਾਰ ਐਸ. ਐਚ. ਓ. ਥਾਣਾ ਸਦਰ ਖੰਨਾ ਅਤੇ ਰਜਨੀਸ਼ ਸੂਦ ਐਸ. ਐਚ. ਓ. ਥਾਣਾ ਸਿਟੀ ਖੰਨਾ ਦੀਆਂ ਟੀਮਾਂ ਵੱਲੋਂ ਪੂਰੀ ਮੁਸਤੈਦੀ ਅਤੇ ਮਿਹਨਤ ਨਾਲ ਤਫਤੀਸ਼ ਕਰਦੇ ਹੋਏ ਵੱਖ-ਵੱਖ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੂਟੇਜ਼ ਨੂੰ ਖੰਗਾਲਦਿਆਂ ਹੋਇਆ।


 ਬੱਚਾ ਚੋਰੀ ਕਰਨ ਵਾਲੀ ਕਥਿਤ ਦੋਸ਼ਣ ਨਰਿੰਦਰ ਕੌਰ ਉਰਫ਼ ਨਿੰਮੋ ਪਤਨੀ ਸੰਜੀਵ ਸਿੰਘ ਉਰਫ਼ ਸੰਜੂ ਵਾਸੀ ਨਰੋਤਮ ਨਗਰ ਖੰਨਾ ਨੂੰ ਗ੍ਰਿਫਤਾਰ ਕਰਕੇ ਪੁਛਗਿੱਛ ਕਰਨ ਉਪਰੰਤ ਅਗਵਾ ਹੋਏ ਬੱਚੇ ਨੂੰ ਕਰੀਬ 5-6 ਘੰਟਿਆਂ ਦੌਰਾਨ ਬਰਾਮਦ ਕਰ ਲਿਆ। ਸ਼੍ਰੀ ਮਾਹਨ ਨੇ ਦੱਸਿਆ ਕਿ ਕਥਿਤ ਦੋਸ਼ਣ ਨਰਿੰਦਰ ਕੌਰ ਨੇ ਪੁਛ ਗਿੱਛ ਦੌਰਾਨ ਮੰਨਿਆ ਕਿ ਉਸ ਨੇ ਅਗਵਾਸ਼ੁਦਾ ਬੱਚੇ ਇਕਬਾਲ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਸਮਾਧੀ ਰੋਡ ਗਲੀ ਨੰਬਰ 03 ਖੰਨਾ ਰਾਹੀਂ ਅੱਗੇ ਜਸਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਉਸਦੀ ਪਤਨੀ ਧਰਮਜੀਤ ਕੌਰ ਵਾਸੀ ਗਲੀ ਨੰਬਰ 02, ਖਾਲਸਾ ਸਕੂਲ ਰੋਡ ਖੰਨਾ ਨੂੰ 50 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ ਸੀ।



 ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਇਕਬਾਲ ਕੌਰ, ਜਸਵੀਰ ਸਿੰਘ ਅਤੇ ਧਰਮਜੀਤ ਕੌਰ ਨੂੰ ਵੀ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਮਾਹਲ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਖੰਨਾ ਸਿਟੀ ਪੁਲਿਸ ਨੇ ਬੜੇ ਥੋੜੇ ਸਮੇਂ ਵਿੱਚ ਉਕਤ ਮਾਮਲੇ ਨੂੰ ਹੱਲ ਕਰਕੇ ਬੱਚੇ ਨੂੰ ਬਰਾਮਦ ਕਰਕੇ ਦੇਰ ਰਾਤ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਕੋਲੋਂ ਹੋਰ ਵੀ ਪੁਛ ਪੜਤਾਲ ਕੀਤੀ ਜਾਵੇਗੀ।