'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਮੈਂਬਰ ਹਰਪਾਲ ਸਿੰਘ ਦੇ ਪੁੱਤਰ ਦਾ ਦੇਹਾਂਤ

ਖਾਸ ਖ਼ਬਰਾਂ

ਚੰਡੀਗੜ੍ਹ, 26 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : 'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਮੈਂਬਰ ਸ. ਹਰਪਾਲ ਸਿੰਘ ਦੇ ਆਸਟਰੇਲੀਆ ਰਹਿੰਦੇ ਪੁੱਤਰ ਰਵਨੀਤ ਸਿੰਘ ਗਿੱਲ ਦੀ ਸਮੁੰਦਰ ਵਿਚ ਡੁੱਬ ਜਾਣ ਨਾਲ ਮੌਤ ਹੋ ਗਈ। 22 ਸਾਲਾ ਰਵਨੀਤ ਸਿੰਘ 25 ਦਸੰਬਰ ਨੂੰ ਅਪਣੇ ਦੋਸਤਾਂ ਨਾਲ ਉੱਤਰ ਪੂਰਬੀ ਨਿਊ ਸਾਊਥ ਵੇਲਜ਼ ਵਿਚ ਮਸ਼ਹੂਰ ਬੀਚ 'ਤੇ ਕ੍ਰਿਸਮਿਸ ਦੀਆਂ ਛੁੱਟੀਆਂ ਮਨਾਉਣ ਗਿਆ ਸੀ। ਅਚਾਨਕ ਆਈਆਂ ਪਾਣੀ ਦੀਆਂ ਤੇਜ਼ ਲਹਿਰਾਂ 'ਚ ਰਵਨੀਤ ਅਤੇ ਉਸ ਦੇ ਸੱਤ ਦੋਸਤ ਹੜ੍ਹ ਗਏ। ਪੁਲਿਸ ਮੁਤਾਬਕ ਅੱਠ ਜਣਿਆਂ ਦੀ 

ਟੋਲੀ ਨੂੰ ਮੌਕੇ 'ਤੇ ਪਹੁੰਚੇ ਗੋਤਾਖੋਰਾਂ ਨੇ ਪਾਣੀ ਵਿਚੋਂ ਕੱਢ ਲਿਆ ਪਰ ਰਵਨੀਤ ਦਮ ਤੋੜ ਚੁਕਾ ਸੀ। ਬਾਕੀ ਸੱਤ ਜਣੇ ਹਸਪਤਾਲ ਵਿਚ ਇਲਾਜ ਅਧੀਨ ਹਨ। ਘੁੰਮਣ-ਫਿਰਨ ਅਤੇ ਅਦਾਕਾਰੀ ਦਾ ਸ਼ੌਕੀਨ ਰਵਨੀਤ ਸਿੰਘ ਵੀ 'ਉੱਚਾ ਦਰ ਬਾਬੇ ਨਾਨਕ ਦਾ' ਦਾ ਸਰਪ੍ਰਸਤ ਮੈਂਬਰ ਸੀ। ਲੁਧਿਆਣੇ ਦੇ ਪਿੰਡ ਗਿੱਲ ਨਾਲ ਸਬੰਧਤ ਰਵਨੀਤ ਅਗਲੇਰੀ ਪੜ੍ਹਾਈ ਲਈ ਤਿੰਨ ਸਾਲ ਪਹਿਲਾਂ ਆਸਟਰੇਲੀਆ ਆਇਆ ਸੀ। ਉਹ ਸਾਊਦਰਨ ਕਰਾਸ ਯੂਨੀਵਰਸਟੀ ਵਿਚ ਪੜ੍ਹਦਾ ਸੀ। ਪਰਵਾਰ ਵਿਚੋਂ ਸੱਭ ਤੋਂ ਵੱਡੇ  ਰਵਨੀਤ ਦੀ ਮੌਤ 'ਤੇ ਸੋਸ਼ਲ ਮੀਡੀਆ ਵਿਚ ਦੁੱਖ ਅਤੇ ਹਮਦਰਦੀ ਦਾ ਹੜ੍ਹ ਆਇਆ ਹੋਇਆ ਹੈ। ਰਵਨੀਤ ਦੇ ਦੋਸਤ ਅਤੇ ਰਿਸ਼ਤੇਦਾਰ ਉਸ ਨੂੰ ਆਜ਼ਾਦ ਖ਼ਿਆਲ ਵਾਲੇ ਨੌਜਵਾਨ ਵਜੋਂ ਯਾਦ ਕਰ ਰਹੇ ਹਨ।