'ਉੱਚਾ ਦਰ..' ਦੇ ਮੁੱਖ ਸਰਪ੍ਰਸਤ ਮੈਂਬਰ ਵਲੋਂ ਲਾਇਬ੍ਰੇਰੀ ਨੂੰ ਧਾਰਮਕ ਸਾਹਿਤ ਭੇਂਟ

ਖਾਸ ਖ਼ਬਰਾਂ

ਕੋਟਕਪੂਰਾ, 28 ਦਸੰਬਰ (ਗੁਰਮੀਤ ਸਿੰਘ ਮੀਤਾ) : ਸ. ਜੋਗਿੰਦਰ ਸਿੰਘ ਸਪੋਕਸਮੈਨ ਦੀ ਪਲੇਠੀ ਪੁਸਤਕ 'ਸੋ ਦਰੁ ਤੇਰਾ ਕੇਹਾ' ਪੜ੍ਹ ਕੇ ਜਿਥੇ ਮਨ ਦੀ ਪੂਰੀ ਤਸੱਲੀ ਹੋ ਜਾਂਦੀ ਹੈ, ਉਥੇ ਮਨਾਂ 'ਚ ਪਏ ਭੁਲੇਖੇ ਵੀ ਦੂਰ ਹੋ ਜਾਂਦੇ ਹਨ।'ਰੋਜ਼ਾਨਾ ਸਪੋਕਸਮੈਨ' ਦੇ ਸਥਾਨਕ ਸਬ ਦਫ਼ਤਰ ਵਿਖੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਮੁੱਖ ਸਰਪ੍ਰਸਤ ਤੇ ਉਘੇ ਸਮਾਜਸੇਵੀ ਡਾ. ਮਨਜੀਤ ਸਿੰਘ ਢਿੱਲੋਂ ਅਤੇ ਸਰਪ੍ਰਸਤ ਮੈਂਬਰ ਯਾਦਵਿੰਦਰ ਸਿੰਘ ਸਿੱਧੂ ਸਰਪੰਚ ਨੇ 'ਮਾਤਾ ਗੁਜਰੀ ਯਾਦਗਾਰੀ ਲਾਇਬ੍ਰੇਰੀ' ਲਈ ਕਰੀਬ 5 ਹਜ਼ਾਰ ਰੁਪਏ ਤੋਂ ਵੀ ਜ਼ਿਆਦਾ ਕੀਮਤ ਦੀਆਂ ਪੁਸਤਕਾਂ ਲੈਕਚਰਾਰ ਗੁਰਮੀਤ ਸਿੰਘ ਬੱਧਣ ਅਤੇ ਮਾ. ਪੰਕਜ ਮਦਾਨ ਨੂੰ ਸੌਂਪਦਿਆਂ ਦਾਅਵਾ ਕੀਤਾ ਕਿ ਸਪੋਕਸਮੈਨ ਟਰੱਸਟ ਵਲੋਂ ਪ੍ਰਕਾਸ਼ਤ ਇਹ ਪੁਸਤਕਾਂ ਨਾ ਤਾਂ ਬਜ਼ਾਰ ਵਿਚੋਂ ਮਿਲਦੀਆਂ ਹਨ ਤੇ ਨਾ ਹੀ ਸੋਖੀਆਂ ਖ਼ਰੀਦੀਆਂ ਜਾ ਸਕਦੀਆਂ ਹਨ। ਉਨ੍ਹਾਂ ਦਸਿਆ ਕਿ ਇਹ ਪੁਸਤਕਾਂ ਜਿਥੇ ਪਾਠਕਾਂ ਲਈ ਪ੍ਰੇਰਨਾਸਰੋਤ ਬਣਨਗੀਆਂ, ਉਥੇ ਹੋਰਨਾਂ ਦੇ ਮਨਾਂ 'ਚ ਵੀ ਪੁਸਤਕਾਂ ਪੜ੍ਹਨ ਦੀ ਰੁਚੀ ਵਧੇਗੀ। ਡਾ. ਢਿੱਲੋਂ ਅਤੇ ਸਿੱਧੂ ਸਰਪੰਚ ਨੇ ਦਸਿਆ ਕਿ ਸ. ਜੋਗਿੰਦਰ ਸਿੰਘ ਦੀ ਪੰਜ ਪਾਣੀ ਪ੍ਰਕਾਸ਼ਨ ਵਲੋਂ ਪ੍ਰਕਾਸ਼ਤ ਕੀਤੀ ਗਈ ਪੁਸਤਕ 'ਸੋ ਦਰੁ ਤੇਰਾ ਕੇਹਾ' ਨੇ ਬਾਬੇ ਨਾਨਕ ਦੀ ਬਾਣੀ ਦਾ ਅਸਲ ਫ਼ਲਸਫ਼ਾ ਸਾਹਮਣੇ ਰਖਦਿਆਂ ਗੁਰਬਾਣੀ ਦੀ ਸਰਲ ਵਿਆਖਿਆ ਦਾ ਉਹ ਇਤਿਹਾਸਕ ਦਸਤਾਵੇਜ਼ ਸੰਗਤਾਂ ਨੂੰ ਸੌਂਪਣ ਦੀ ਕੋਸ਼ਿਸ਼ ਕੀਤੀ ਹੈ, ਜੋ ਨਵੀਂ ਪੀੜ੍ਹੀ ਲਈ ਸਾਂਭਣਯੋਗ ਹੋਵੇਗਾ।