ਗਾਇਕ ਉਦਿਤ ਨਰਾਇਣ ਦੇ ਬੇਟੇ ਆਦਿਤਿਆ ਨਰਾਇਣ ਨੇ ਮੁੰਬਈ ਦੇ ਅੰਧੇਰੀ 'ਚ ਅਪਣੀ ਮਰਸੀਡੀਜ਼ ਕਾਰ ਨਾਲ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿਤੀ। ਟੱਕਰ ਕਾਰਨ ਆਟੋ ਚਾਲਕ ਅਤੇ ਉਸ 'ਚ ਸਵਾਰ ਇਕ ਮਹਿਲਾ ਜ਼ਖ਼ਮੀ ਹੋ ਗਈ। ਦਸਿਆ ਜਾ ਰਿਹਾ ਹੈ ਕਿ ਆਦਿਤਿਆ ਨੇ ਟਰੈਫ਼ਿਕ ਨਿਯਮਾਂ ਦੀ ਅਣਦੇਖੀ ਕੀਤੀ।
ਪੁਲਿਸ ਨੇ ਆਦਿਤਿਆ ਦਾ ਮੈਡੀਕਲ ਟੈਸਟ ਵੀ ਕਰਾਇਆ। ਐਤਵਾਰ ਦੁਪਹਿਰ ਦੀ ਇਸ ਘਟਨਾ ਦੇ ਸਿਲਸਿਲੇ 'ਚ ਆਦਿਤਿਆ ਦੇ ਵਿਰੁੱਧ ਲਾਪਰਵਾਹੀ ਦਾ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ 'ਚ ਜ਼ਮਾਨਤ 'ਤੇ ਉਨ੍ਹਾਂ ਨੂੰ ਛੱਡ ਦਿਤਾ ਗਿਆ ਸੀ।
ਆਦਿਤਿਆ ਪਿਛਲੇ ਸਾਲ ਰਾਏਪੁਰ 'ਚ ਇਕ ਏਅਰਲਾਇੰਸ ਦੇ ਕਰਮਚਾਰੀ ਨੂੰ ਧਮਕੀ ਦੇਣ ਲਈ ਚਰਚਾ 'ਚ ਆਏ ਸਨ। ਉਹ ਏਅਰਲਾਇੰਸ ਦੇ ਕਰਮਚਾਰੀ ਨਾਲ ਭਿੜ ਗਏ ਸਨ। ਉਥੇ ਹੀ ਇਸ ਤੋਂ ਪਹਿਲਾਂ 2011 'ਚ ਭੱਦੇ ਕਾਮੈਂਟਸ ਕਰਨ ਲਈ ਇਕ ਕੁੜੀ ਨੇ ਆਦਿਤਿਆ ਨੂੰ ਥੱਪੜ ਵੀ ਜੜ ਦਿਤਾ ਸੀ।
ਆਦਿਤਿਆ 1996 'ਚ ਮਾਸੂਮ ਸਹਿਤ ਕਈ ਫ਼ਿਲਮਾਂ 'ਚ ਬਾਲ ਕਲਾਕਾਰ ਦੇ ਰੂਪ 'ਚ ਨਜ਼ਰ ਆਏ ਸਨ। ਫ਼ਿਲਮ ਸ਼ਾਪਿਤ 'ਚ ਆਦਿਤਿਆ ਨੇ ਅਦਾਕਾਰੀ ਦੇ ਤੌਰ 'ਤੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਥੇ ਹੀ, ਆਦਿਤਿਅ ਲੰਮੇ ਸਮੇਂ ਤੋਂ ਸਿੰਗਿੰਗ ਰਿਐਲਿਟੀ ਸ਼ੋਅ ਹੋਸਟ ਕਰ ਰਹੇ ਹਨ।