ਸੌਦਾ ਸਾਧ ਵਲੋਂ ਸਾਲ 2007 ਵਿਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੇ ਕੇਸ ਵਿੱਚ 13 ਅਕਤੂਬਰ ਨੂੰ ਅਗਲੀ ਸੁਣਵਾਈ ਹੋਣ ਜਾ ਰਹੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਮਾਮਲੇ ਦੀ ਇਸ ਬਹਿਸ ਨੂੰ ਅੰਤਿਮ ਬਹਿਸ ਦੱਸਿਆ ਜਾ ਰਿਹਾ ਹੈ ।ਦਰਅਸਲ ਇਸ ਮਾਮਲੇ ਦੀ ਕੋਤਵਾਲੀ ਬਠਿੰਡਾ ਵਿਚ 20 ਮਾਰਚ 2007 ਨੂੰ ਸੌਦਾ ਸਾਧ ਵਿਰੁੱਧ ਦਾਇਰ ਹੋਈ ਐਫ਼.ਆਈ.ਆਰ. ਨੰਬਰ 262 ਵਿਚ ਭਾਰਤੀ ਦੰਡਾਵਲੀ ਦੀ ਧਾਰਾ 295-ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ), 298 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸ਼ਬਦਾਵਲੀ ਦੀ ਵਰਤੋਂ) ਅਤੇ 153-ਏ (ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਉਣਾ) ਵੀ ਸ਼ਾਮਲ ਹੈ।
27 ਜਨਵਰੀ 2012 ਨੂੰ ਅਦਾਲਤ ਵਿਚ ਪੇਸ਼ ਕੀਤੀ ਰਿਪੋਰਟ ਵਿੱਚ ਪੁਲਿਸ ਨੇ ਕਿਹਾ ਸੀ ਕਿ ਜਾਂਚ ਦੌਰਾਨ ਅਜਿਹਾ ਕੋਈ ਸਬੂਤ ਪ੍ਰਾਪਤ ਨਹੀਂ ਹੋਇਆ ਜਿਸ ਨਾਲ ਅਪਰਾਧ ਸਾਬਿਤ ਹੁੰਦਾ ਹੋਵੇ। ਪੁਲਿਸ ਨੇ ਅਦਾਲਤ ਨੂੰ ਇਹ ਕੇਸ ਖ਼ਤਮ ਕਰਨ ਦੀ ਬੇਨਤੀ ਕੀਤੀ ਸੀ। ਬਠਿੰਡਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਤੇਜਵਿੰਦਰ ਸਿੰਘ ਨੇ ਅਗੱਸਤ 2014 ਵਿਚ ਸੌਧਾ ਸਾਧ ਵਿਰੁਧ ਇਸ ਕੇਸ ਨੂੰ ਇਸ ਆਧਾਰ 'ਤੇ ਰੱਦ ਕਰ ਦਿਤਾ ਸੀ ਕਿ ਪੁਲਿਸ ਲਾਗੂ ਕਾਨੂੰਨ ਮੁਤਾਬਕ ਤਿੰਨ ਸਾਲ ਦੇ ਅੰਦਰ-ਅੰਦਰ ਇਸ ਕੇਸ ਦਾ ਚਲਾਨ ਅਦਾਲਤ ਵਿਚ ਪੇਸ਼ ਨਹੀਂ ਕਰ ਸਕੀ। ਸ਼੍ਰੋਮਣੀ ਅਕਾਲੀ ਦਲ ਆਗੂ ਰਾਜਿੰਦਰ ਸਿੰਘ ਨੇ ਵੀ ਇਸ ਕੇਸ ਨੂੰ ਰੱਦ ਕਰਨ ਦਾ ਵਿਰੋਧ ਕੀਤਾ ਸੀ।
ਕੇਸ ਦੇ ਰੱਦ ਹੋਣ ਤੋਂ ਬਾਅਦ ਪਟੀਸ਼ਨਰ ਜਸਪਾਲ ਸਿੰਘ ਅਤੇ ਹਰਦੀਪ ਸਿੰਘ ਤੋਂ ਇਲਾਵਾ ਰਾਜਿੰਦਰ ਸਿੰਘ ਵੀ ਕੋ- ਪਟੀਸ਼ਨਰ ਬਣ ਗਿਆ ਹੈ ਜਿਹਨਾਂ ਨੇ ਮੁੜ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪਟੀਸ਼ਨਰ ਵਲੋਂ ਉਸ ਸਮੇਂ ਦੀ ਅਕਾਲੀ-ਭਾਜਪਾ ਸੂਬਾ ਸਰਕਾਰ ਨੂੰ ਵੀ ਕੇਸ 'ਚ ਧਿਰ ਬਣਾਉਂਦਿਆਂ ਸਿੱਧੇ ਤੌਰ 'ਤੇ ਦੋਸ਼ ਲਾਏ ਗਏ। ਕਿਹਾ ਗਿਆ ਹੈ ਕਿ ਅਕਾਲੀ ਦਲ ਵਲੋਂ ਸਾਲ 2014 ਦੀਆਂ ਆਮ ਚੋਣਾਂ ਦੌਰਾਨ ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਵੋਟਿੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਆਸੀ ਦਬਾਅ ਅਧੀਨ ਇਹ ਚਲਾਨ ਪੇਸ਼ ਨਹੀਂ ਕੀਤਾ ਗਿਆ।
ਪਤਾ ਲੱਗਿਆ ਹੈ ਕਿ ਪੱਤਰਕਾਰ ਛਤਰਪਤੀ ਕਤਲ ਕੇਸ ਦੀ ਵੀ ਸੁਣਵਾਈ ਅਗਲੇ ਦਿਨਾਂ ਵਿੱਚ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਬਲਾਤਕਾਰ ਦਾ ਸ਼ਿਕਾਰ ਹੋਈ ਸਾਧਵੀ ਕੇਸ ਵਿੱਚ ਭਾਵੇਂ ਸੌਦਾ ਸਾਧ ਸਜ਼ਾ ਕੱਟ ਰਿਹਾ ਹੈ ਪਰ ਉਸਦੇ ਭਰਾ ਰਣਜੀਤ ਸਿੰਘ ਦੇ ਕਤਲ ਕੇਸ ਦੀ ਸੁਣਵਾਈ ਦੀ ਤਰੀਕ ਵੀ 16 ਸਤੰਬਰ ਨੂੰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗੁਰੂ ਸਾਹਿਬ ਦਾ ਸਵਾਂਗ ਰਚਣ ਦਾ ਮਾਮਲਾ ਸ਼ੁਰੂਆਤ ਤੋਂ ਹੋ ਗੁੰਝਲਦਾਰ ਹੁੰਦਾ ਰਿਹਾ ਹੈ
।
ਜਿਸ ਵਿੱਚ ਧਾਰਮਿਕ ਮਾਮਲੇ ਨੂੰ ਸਿਆਸੀ ਭੇਟ ਚੜ੍ਹਨ ਕਰਕੇ ਲੋਕਾਂ ਦੇ ਮਨਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਬਲਾਤਕਾਰ ਦੋਸ਼ ਵਿੱਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ 13 ਅਕਤੂਬਰ ਨੂੰ ਹੋਣ ਵਾਲੀ ਇਸ ਬਹਿਸ ਵੱਲ੍ਹ ਸਭ ਦੀਆਂ ਨਜ਼ਰਾਂ ਬੜੀ ਉਤਸੁਕਤਾ ਨਾਲ ਲੱਗੀਆਂ ਹੋਈਆਂ ਹਨ।