ਵੇਰਕਾ ਦਾ ਦੁੱਧ ਸ਼ੱਕ ਦੇ ਘੇਰੇ 'ਚ, ਦਿੱਲੀ ਭੇਜੇ ਦੁੱਧ ਦੇ ਸੈਂਪਲ ਫੇਲ

ਲੁਧਿਆਣਾ : ਪੰਜਾਬ ਦੇ ਸਹਿਕਾਰਤਾ ਵਿਭਾਗ ਅਧੀਨ ਚਲਦੇ ਲੁਧਿਆਣਾ ਮਿਲਕ ਪਲਾਂਟ ਵੇਰਕਾ ਤੋਂ ਦੁੱਧ ਦੀ ਹੁੰਦੀ ਸਪਲਾਈ ਦੀ ਕੁਆਲਿਟੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ ਕਿਉਂਕਿ ਇਸ ਪਲਾਂਟ ਤੋਂ ਦਿੱਲੀ ਗਏ ਦੁੱਧ ਦੇ ਟੈਂਕਰ ਦੇ ਸੈਂਪਲ ਫੇਲ ਕਰ ਦਿੱਤੇ ਗਏ ਹਨ ਤੇ 3 ਟੈਂਕਰ ਦਿੱਲੀ ਤੋਂ ਬੇਰੰਗ ਪਰਤ ਆਏ ਹਨ। ਜਾਣਕਾਰੀ ਅਨੁਸਾਰ ਵੇਰਕਾ ਮਿਲਕ ਪਲਾਂਟ ਤੋਂ ਦੁੱਧ ਦਾ ਟੈਂਕਰ ਪੀ. ਬੀ-23ਸੀ-9332 2 ਮਾਰਚ ਨੂੰ ਦਿੱਲੀ ਸਪਲਾਈ ਦੇਣ ਲਈ ਗਿਆ ਸੀ ਪਰ ਉਥੇ ਜਦੋਂ ਸੰਸਥਾ ਡੀ. ਐੱਮ. ਸੀ. ਵਲੋਂ ਦੁੱਧ ਦੀ ਕੁਆਲਿਟੀ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਕੈਮੀਕਲ ਪਾਇਆ ਗਿਆ ਜਿਸ ਕਾਰਨ ਉਸ ਨੇ ਦੁੱਧ ਦਾ ਟੈਂਕਰ ਰਿਜੈਕਟ ਕਰ ਦਿੱਤਾ। 



ਜਾਣਕਾਰੀ ਅਨੁਸਾਰ 1 ਮਾਰਚ ਨੂੰ ਵੀ ਪੀ. ਬੀ.-12 ਏ. ਐੱਨ-8699 ਤੇ ਪੀ. ਬੀ.-10-ਐੱਫ-2293 ਦੁੱਧ ਦੇ ਟੈਂਕਰ ਲੁਧਿਆਣਾ ਮਿਲਕ ਪਲਾਂਟ ਤੋਂ ਦਿੱਲੀ ਸਪਲਾਈ ਲਈ ਭੇਜੇ ਗਏ ਸਨ ਤੇ ਇਹ ਵੀ ਰਿਜੈਕਟ ਕਰਕੇ ਵਾਪਸ ਭੇਜ ਦਿੱਤੇ ਗਏ। ਇਨ੍ਹਾਂ ਟੈਂਕਰਾਂ ਦੇ ਡਿਸਪੈਚ ਨੋਟ ਦੇ ਪਿੱਛੇ ਜੋ ਰਿਪੋਰਟ ਲਿਖੀ ਗਈ ਹੈ, ਉਸ ਵਿਚ ਸਪੱਸ਼ਟ ਤੌਰ 'ਤੇ ਲਿਖਿਆ ਗਿਆ ਹੈ ਕਿ ਇਹ ਦੁੱਧ ਰਿਜੈਕਟ ਕੀਤਾ ਜਾਂਦਾ ਹੈ ਕਿਉਂਕਿ ਇਸ ਵਿਚ ਕੈਮੀਕਲ ਹੈ। ਫਿਲਹਾਲ ਇਹ ਤਿੰਨੇ ਟੈਂਕਰ ਰਿਜੈਕਟ ਹੋਣ ਕਾਰਨ ਲੁਧਿਆਣਾ ਮਿਲਕ ਪਲਾਂਟ 'ਚ ਖੜ੍ਹੇ ਹਨ ਤੇ ਅਧਿਕਾਰੀਆਂ ਵਲੋਂ ਇਸ ਦੁੱਧ ਨੂੰ ਨਸ਼ਟ ਕੀਤਾ ਜਾਵੇਗਾ ਜਾਂ ਕਿਤੇ ਹੋਰ ਵਰਤੋਂ ਵਿਚ ਲਿਆਂਦਾ ਜਾਵੇਗਾ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ।



ਲੁਧਿਆਣਾ ਮਿਲਕ ਪਲਾਂਟ ਦੇ ਜੀ. ਐੱਮ. ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦਿੱਲੀ ਸਪਲਾਈ ਲਈ ਗਏ ਦੁੱਧ ਦੇ ਟੈਂਕਰ ਕੁਆਲਿਟੀ ਕਾਰਨ ਰਿਜੈਕਟ ਨਹੀਂ ਹੋਏ। ਉਨ੍ਹਾਂ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਸੁੱਕਾ ਦੁੱਧ ਬਣਾਉਣ ਦਾ ਕੰਮ ਬੰਦ ਸੀ, ਜਿਸ ਕਾਰਨ ਮਿਲਕ ਪਲਾਂਟ ਵਿਚ ਦੁੱਧ ਕਾਫੀ ਇਕੱਠਾ ਹੋ ਗਿਆ ਸੀ ਤੇ ਉਨ੍ਹਾਂ ਵਲੋਂ ਦਿੱਲੀ ਨੂੰ ਦੁੱੱਧ ਦੀ ਸਪਲਾਈ ਜ਼ਿਆਦਾ ਕਰ ਦਿੱਤੀ ਸੀ ਪਰ ਉਥੇ ਡੀ. ਐੱਮ. ਸੀ. ਵਲੋਂ ਇਹ ਦੁੱਧ ਵਾਪਸ ਕਰ ਦਿੱਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਡੀ. ਐੱਮ. ਸੀ. ਵਲੋਂ ਦੁੱਧ ਕੁਆਲਿਟੀ ਕਾਰਨ ਰਿਜੈਕਟ ਨਹੀਂ ਕੀਤਾ ਗਿਆ।



ਮਿਲਕ ਪਲਾਂਟ ਲੁਧਿਆਣਾ ਦੇ ਮੁਅੱਤਲ ਡਾਇਰੈਕਟਰ ਧਰਮਜੀਤ ਸਿੰਘ ਗਿੱਲ ਨੇ ਸਪੱਸ਼ਟ ਕੀਤਾ ਕਿ ਪਲਾਂਟ ਵਿਚ ਦੁੱਧ ਦੀ ਕੁਆਲਿਟੀ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਿਆ ਜਾਂਦਾ, ਜਿਸ ਕਾਰਨ ਦਿੱਲੀ ਤੋਂ ਦੁੱਧ ਦੇ ਤਿੰਨ ਟੈਂਕਰ ਰਿਜੈਕਟ ਹੋ ਕੇ ਵਾਪਸ ਆਏ ਹਨ। ਉਨ੍ਹਾਂ ਕਿਹਾ ਕਿ ਮਿਲਕ ਪਲਾਂਟ ਵਿਚ ਭ੍ਰਿਸ਼ਟਾਚਾਰ ਤੇ ਮਿਲਾਵਟਖੋਰੀ ਜ਼ੋਰਾਂ 'ਤੇ ਹੈ ਤੇ ਉਨ੍ਹਾਂ ਵਲੋਂ ਜਦੋਂ ਇਸ ਖਿਲਾਫ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਲਾਂਟ ਦੇ ਅਧਿਕਾਰੀਆਂ ਵਲੋਂ ਉਨ੍ਹਾਂ 'ਤੇ ਝੂਠੇ ਦੋਸ਼ ਲਾ ਕੇ ਉਨ੍ਹਾਂ ਨੂੰ ਡਾਇਰੈਕਟਰ ਦੇ ਅਹੁਦੇ ਤੋਂ ਲਾਂਭੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਧਰਮਜੀਤ ਸਿੰਘ ਗਿੱਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਤੇ ਵੇਰਕਾ ਮਿਲਕ ਪਲਾਂਟ ਵਿਚ ਮਿਲਾਵਟਖੋਰੀ ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ।