ਇਕ ਬੇਟੀ ਨੇ ਆਪਣੀ ਵਿਧਵਾ ਮਾਂ ਦਾ ਦੁਬਾਰਾ ਵਿਆਹ ਕਰਵਾ ਕੇ ਸਮਾਜ ਦੇ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਹੈ। ਗੀਤਾ ਅਗਰਵਾਲ ਦੇ ਪਤੀ ਮੁਕੇਸ਼ ਗੁਪਤਾ ਦੀ ਮੌਤ ਮਈ 2016 'ਚ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਜੈਪੁਰ ਦੇ ਇਕ ਸਕੂਲ 'ਚ ਪੜ੍ਹਾਉਣ ਵਾਲੀ ਗੀਤਾ ਪਤੀ ਦੀ ਮੌਤ ਦਾ ਸਦਮਾ ਸਹਿਨ ਨਾ ਕਰ ਸਕੀ ਅਤੇ ਸਦਮੇ 'ਚ ਚੱਲੀ ਗਈ। ਇੰਨਾ ਹੀ ਨਹੀਂ ਗੀਤਾ ਦੀ ਬੇਟੀ ਸੰਹਿਤਾ ਵੀ ਕੰਮ ਦੇ ਸਿਲਸਿਲੇ 'ਚ ਗੁੜਗਾਓ ਆ ਗਈ। ਬੇਟੀ ਦੇ ਜਾਣ ਤੋਂ ਬਾਅਦ ਗੀਤਾ ਬਿਲਕੁੱਲ ਇਕੱਲੀ ਹੋ ਗਈ ਅਤੇ ਹਮੇਸ਼ਾ ਗੁੰਮਸੁਮ ਰਹਿਣ ਲੱਗੀ।
ਇਕ ਅਖਬਾਰ ਨਾਲ ਆਪਣੇ ਅਨੁਭਵ ਸ਼ੇਅਰ ਕਰਦੇ ਹੋਏ ਸੰਹਿਤਾ ਨੇ ਵਿਸਥਾਰ ਨਾਲ ਇਸ ਪੂਰੇ ਘਟਨਾਕ੍ਰਮ ਬਾਰੇ ਦੱਸਿਆ ਹੈ ਕਿ ਮਾਂ ਨੂੰ ਇਕੱਲੀ ਛੱਡ ਕੇ ਉਸ ਨੂੰ ਪਰੇਸ਼ਾਨੀ ਹੁੰਦੀ ਸੀ। ਹਾਲਾਂਕਿ ਹਫਤੇ ਦੇ ਅੰਤ 'ਚ ਉਹ ਜੈਪੁਰ ਜਾਂਦੀ ਸੀ। 2 ਰਾਤ ਲਈ ਬੇਟੀ ਨੂੰ ਕੋਲ ਦੇਖ ਕੇ ਮਾਂ ਖੁਸ਼ ਹੋ ਜਾਂਦੀ ਸੀ ਪਰ ਬੇਟੀ ਦੇ ਮਨ 'ਚ ਮਾਂ ਨੂੰ ਇਕੱਲੇ ਛੱਡਣ ਦਾ ਗਮ ਹਮੇਸ਼ਾ ਸਤਾਉਂਦਾ ਰਹਿੰਦਾ ਸੀ। ਸੰਹਿਤਾ ਦੀ ਇਕ ਵੱਡੀ ਭੈਣ ਵੀ ਹੈ, ਜੋ ਆਪਣੇ ਪਰਿਵਾਰ 'ਚ ਰੁਝੀ ਰਹਿੰਦੀ ਹੈ।
ਸੰਹਿਤਾ ਦੱਸਦੀ ਹੈ,''ਮੈਂ ਅਤੇ ਮੇਰੀ ਮਾਂ ਘਰ 'ਚ ਪਿਤਾ ਦੀਆਂ ਚੀਜ਼ਾਂ ਦੇਖ ਕੇ ਦੁਖੀ ਰਿਹਾ ਕਰਦੇ ਸੀ, ਹਮੇਸ਼ਾ ਇਹੀ ਸੋਚਦੇ ਸੀ, ਪਾਪਾ ਇੱਥੇ ਬੈਠਦੇ ਸਨ, ਪਾਪਾ ਇਹ ਖਾਂਦੇ ਸਨ ਅਤੇ ਨਾ ਜਾਣੇ ਕੀ-ਕੀ? ਸੰਹਿਤਾ ਨੇ ਮਾਂ ਦੀ ਉਦਾਸੀ ਦੇਖ ਕੇ ਫੈਸਲਾ ਲਿਆ ਕਿ ਪਿਤਾ ਦੀਆਂ ਯਾਦਾਂ ਤੋਂ ਦੂਰ ਰੱਖਣ ਲਈ ਮਾਂ ਨੂੰ ਰੁਝਾ ਕੇ ਰੱਖਣਾ ਹੋਵੇਗਾ। ਮੈਨੂੰ ਯਾਦ ਹੈ ਕਿ ਮਾਂ ਨੀਂਦ 'ਚ ਪਾਪਾ ਦਾ ਨਾਂ ਲੈ ਕੇ ਚੀਕਦੀ ਸੀ ਅਤੇ ਅਚਾਨਕ ਹੀ ਨੀਂਦ 'ਚੋਂ ਉੱਠ ਕੇ ਮੈਨੂੰ ਪੁੱਛਦੀ ਸੀ ਕਿ ਪਾਪਾ ਕਿੱਥੇ ਹਨ, ਮੈਂ ਉਨ੍ਹਾਂ ਨੂੰ ਕਹਿੰਦੀ ਸੀ ਕਿ ਉਹ ਜਲਦੀ ਵਾਪਸ ਆਉਣਗੇ।''
ਸਾਰਿਆਂ ਨੂੰ ਹੁੰਦੀ ਹੈ ਸਾਥੀ ਦੀ ਲੋੜ
ਬੀਤੇ ਸਾਲ ਅਗਸਤ 'ਚ ਸੰਹਿਤਾ ਨੇ ਤੈਅ ਕੀਤਾ ਕਿ ਮਾਂ ਦਾ ਦਿਲ ਲਗਾਉਣ ਲਈ ਇਕ ਪਾਰਟਨਰ ਦੀ ਲੋੜ ਹੈ। ਸੰਹਿਤਾ ਕਹਿੰਦੀ ਹੈ, ਹਰ ਆਦਮੀ ਨੂੰ ਇਕ ਸਾਥੀ ਦੀ ਲੋੜ ਹੁੰਦੀ ਹੈ। ਤੁਸੀਂ ਹਰ ਗੱਲ ਆਪਣੇ ਬੱਚਿਆਂ ਜਾਂ ਭਰਾ-ਭੈਣਾਂ ਨਾਲ ਸਾਂਝੀ ਨਹੀਂ ਕਰ ਸਕਦੇ। ਸੰਹਿਤਾ ਦੱਸਦੀ ਹੈ ਕਿ ਉਸ ਨੇ ਆਪਣੀ ਮਾਂ ਤੋਂ ਮਨਜ਼ੂਰੀ ਲਏ ਬਿਨਾਂ ਹੀ 53 ਸਾਲਾ ਮਾਂ ਦਾ ਇਕ ਪ੍ਰੋਫਾਈਲ ਬਣਾਇਆ ਅਤੇ ਮੈਟਰੀਮੋਨੀਅਲ ਸਾਈਟ 'ਤੇ ਪਾ ਦਿੱਤਾ। ਇਸ 'ਚ ਸੰਹਿਤਾ ਨੇ ਖੁਦ ਦਾ ਫੋਨ ਨੰਬਰ ਦਿੱਤਾ ਸੀ। ਸਾਈਟ 'ਤੇ ਪ੍ਰੋਫਾਈਲ ਬਣਨ ਨਾਲ ਸੰਹਿਤਾ ਕੋਲ ਲੋਕਾਂ ਦੇ ਫੋਨ ਆਉਣ ਲੱਗੇ।
ਗੁਪਤਾ ਨੇ ਦੱਸਿਆ ਕਿ ਇਕੱਲਾਪਣ ਦੂਰ ਕਰਨ ਲਈ ਪਹਿਲਾਂ ਤਾਂ ਉਸ ਨੇ ਖੁਦ ਨੂੰ ਬੈਡਮਿੰਟਨ 'ਚ ਰੁਝਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਪਰ ਹੁਣ ਸਿਹਤ ਦੀਆਂ ਸਮੱਸਿਆਵਾਂ ਪੈਦਾ ਹੋਣ ਲੱਗੀਆਂ ਹਨ। ਇਕ ਸਾਥੀ ਨੇ ਉਨ੍ਹਾਂ ਨੂੰ ਫਿਰ ਤੋਂ ਵਿਆਹ ਕਰਨ ਦੀ ਸਲਾਹ ਦਿੱਤੀ ਅਤੇ ਮੈਟਰੀਮੋਨੀਅਲ ਸਾਈਟ 'ਤੇ ਇਕ ਪ੍ਰੋਫਾਈਲ ਤਿਆਰ ਕਰ ਦਿੱਤਾ। ਗੁਪਤਾ ਦੇ 2 ਬੇਟੇ ਵੀ ਹਨ। ਸੰਹਿਤਾ ਨੇ ਜਦੋਂ ਕੇ.ਜੀ. ਗੁਪਤਾ ਨਾਲ ਸੰਪਰਕ ਕੀਤਾ ਤਾਂ ਪੂਰੀ ਖੋਜ ਕਰਨ ਤੋਂ ਬਾਅਦ ਉਸ ਨੇ ਦੇਖਿਆ ਕਿ ਇਹੀ ਉਨ੍ਹਾਂ ਦੀ ਮਾਂ ਲਈ ਸਹੀ ਮੈਚ ਹੋ ਸਕਦਾ ਹੈ।
ਨਵੰਬਰ 'ਚ ਗੀਤਾ ਦਾ ਇਕ ਆਪਰੇਸ਼ਨ ਹੋਇਆ ਸੀ, ਇਸ ਦੌਰਾਨ ਕੇ.ਜੀ. ਗੁਪਤਾ ਉਨ੍ਹਾਂ ਨੂੰ ਦੇਖਣ ਲਈ ਜੈਪੁਰ ਆਏ ਅਤੇ ਗੀਤਾ ਨੂੰ ਵਿਆਹ ਲਈ ਤਿਆਰ ਕੀਤਾ। ਅੰਤ 'ਚ 31 ਦਸੰਬਰ ਨੂੰ ਦੋਹਾਂ ਦਾ ਵਿਆਹ ਹੋ ਗਿਆ। ਸੰਹਿਤਾ ਨੇ ਇਸ ਵਿਆਹ 'ਤੇ ਕਿਹਾ,''ਉਹ ਆਪਣੀ ਮਾਂ ਦੇ ਚਿਹਰੇ 'ਤੇ ਮੁਸਕਾਨ ਦੇਖ ਕੇ ਬਹੁਤ ਖੁਸ਼ ਹੈ। ਉਹ ਫਿਰ ਤੋਂ ਖੂਬਸੂਰਤ ਦਿੱਸਣ ਲੱਗੀ ਹੈ।''