ਵਿਦਿਆਰਥੀਆਂ ਦੇ ਧਰਨੇ 'ਚ ਗੋਲੀ ਲੱਗਣ ਨਾਲ ਡੀਐਸਪੀ ਦੀ ਮੌਤ, ਗੰਨਮੈਨ ਜ਼ਖ਼ਮੀ

ਖਾਸ ਖ਼ਬਰਾਂ

ਕੋਟਕਪੂਰਾ/ਜੈਤੋ, 29 ਜਨਵਰੀ (ਗੁਰਿੰਦਰ ਸਿੰਘ/ਜਸਵਿੰਦਰ ਸਿੰਘ) : ਵਿਦਿਆਰਥੀਆਂ ਵਲੋਂ ਯੂਨੀਵਰਸਟੀ ਕਾਲਜ ਜੈਤੋ 'ਚ ਐਸਐਚਓ ਜੈਤੋ ਵਿਰੁਧ ਲਾਏ ਧਰਨੇ ਦੌਰਾਨ ਡੀਐਸਪੀ ਜੈਤੋ ਦੀ ਭੇਤਭਰੇ ਢੰਗ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸ ਘਟਨਾ ਵਿਚ ਜ਼ਖ਼ਮੀ ਹੋਏ ਗੰਨਮੈਨ ਨੂੰ ਇਲਾਜ ਲਈ ਫ਼ਰੀਦਕੋਟ ਸਥਿਤ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਪਹੁੰਚਾਇਆ ਗਿਆ। ਘਟਨਾ ਦੇ ਪਿਛੋਕੜ ਬਾਰੇ ਜਾਣਕਾਰੀ ਮੁਤਾਬਕ 12 ਜਨਵਰੀ ਨੂੰ ਐਸ.ਐਚ.ਓ. ਜੈਤੋ ਗੁਰਜੀਤ ਸਿੰਘ ਨੇ ਕਾਲਜ ਦੇ ਦੋ ਵਿਦਿਆਰਥੀਆਂ ਅਤੇ ਇਕ ਵਿਦਿਆਰਥਣ ਦੀ ਥਾਣੇ ਲਿਜਾ ਕੇ ਕਥਿਤ ਕੁੱਟਮਾਰ ਕੀਤੀ ਸੀ। ਵਿਦਿਆਰਥੀਆਂ ਵਲੋਂ ਇਹ ਮਾਮਲਾ ਪੁਲਿਸ ਦੇ ਉਚ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਐਸਐਚਓ ਵਿਰੁਧ ਕੋਈ ਕਾਰਵਾਈ ਨਾ ਹੋਣ 'ਤੇ ਅੱਜ ਇਨਕਲਾਬੀ ਵਿਦਿਆਰਥੀ ਮੰਚ ਵਲੋਂ ਕਾਲਜ ਵਿਚ ਰੋਸ ਧਰਨਾ ਦਿਤਾ ਗਿਆ ਸੀ। ਪ੍ਰਦਰਸ਼ਨ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦਾ ਵੀ ਸਮਰਥਨ ਹਾਸਲ ਸੀ। ਇਸੇ ਦੌਰਾਨ ਕਾਲਜ ਵਿਚਲੇ ਵਿਦਿਆਰਥੀਆਂ ਦਾ ਇਕ ਗੁੱਟ ਇਸ ਪ੍ਰਦਰਸ਼ਨ ਲਈ ਅੱਗੇ ਆ ਗਿਆ। ਦੋਵਾਂ ਧਿਰਾਂ ਦੇ ਸੰਭਾਵੀ ਟਕਰਾਅ ਨੂੰ ਰੋਕਣ ਲਈ ਡੀਐਸਪੀ ਬਲਜਿੰਦਰ ਸਿੰਘ ਸੰਧੂ ਵਿਚਾਲੇ ਆ ਗਏ। ਇਥੇ ਮਚੇ ਘੜਮੱਸ ਦੌਰਾਨ ਗੋਲੀ ਚਲੀ ਜੋ ਡੀਐਸਪੀ ਦੇ ਸਿਰ ਵਿਚ ਦੀ ਲੰਘਦੀ ਹੋਈ ਕੋਲ ਖੜੇ ਗੰਨਮੈਨ ਲਾਲ ਸਿੰਘ ਦੇ ਵੀ ਵੱਜੀ। ਦੋਵੇਂ ਜ਼ਮੀਨ 'ਤੇ ਡਿੱਗ ਪਏ ਅਤੇ ਭਗਦੜ ਮੱਚ ਗਈ। 

ਅਚਨਚੇਤ ਇਸ ਹਾਦਸੇ ਨੇ ਸੱਭ ਦੇ ਹੋਸ਼ ਉਡਾ ਦਿਤੇ। ਡੀਐਸਪੀ ਅਤੇ ਗੰਨਮੈਨ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਡੀਐਸਪੀ ਦੇ ਮ੍ਰਿਤਕ ਹੋਣ ਦੀ ਪੁਸ਼ਟੀ ਕੀਤੀ। ਗੰਨਮੈਨ ਦੀ ਹਾਲਤ ਖ਼ਤਰੇ ਤੋਂ ਬਾਹਰ ਦਸੀ ਗਈ ਹੈ। ਪ੍ਰਤੱਖ ਦਰਸ਼ੀਆਂ ਤੇ ਪੁਲਿਸ ਦੀ ਗੱਲ ਆਪਸ 'ਚ ਮੇਲ ਨਹੀਂ ਖਾਂਦੀ। ਭਾਵੇਂ ਇਸ ਦੁਖਦਾਇਕ ਘਟਨਾ ਸਬੰਧੀ ਇਕ ਵੀਡੀਉ ਕਲਿਪ ਵੀ ਫੈਲਿਆ ਹੈ ਪਰ ਪ੍ਰਤੱਖ ਦਰਸ਼ੀਆਂ ਅਨੁਸਾਰ ਡੀਐਸਪੀ ਨੇ ਅਪਣੇ ਹੀ ਸਰਕਾਰੀ ਰਿਵਾਲਵਰ ਨਾਲ ਗੋਲੀ ਅਪਣੀ ਪੁੜਪੜੀ 'ਚ ਮਾਰੀ ਜੋ ਆਰ-ਪਾਰ ਹੁੰਦੀ ਹੋਈ ਡੀਐਸਪੀ ਦੇ ਗੰਨਮੈਨ ਦੇ ਜਾ ਵੱਜੀ। ਜਦਕਿ ਲੋਕਲ ਪੁਲਿਸ ਗੋਲੀ ਕਿਸੇ ਹੋਰ ਪਾਸਿਉਂ ਆਉਣ ਦੀ ਗੱਲ ਕਹਿ ਰਹੀ ਹੈ। ਸੂਚਨਾ ਮਿਲਦਿਆਂ ਹੀ ਡੀਆਈਜੀ ਰਜਿੰਦਰ ਸਿੰਘ, ਐਸਐਸਪੀ ਡਾ. ਨਾਨਕ ਸਿੰਘ, ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਵੀ ਆਪੋ-ਅਪਣੀਆਂ ਟੀਮਾਂ ਸਮੇਤ ਮੌਕੇ 'ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਆਈਜੀ ਰਜਿੰਦਰ ਸਿੰਘ ਅਤੇ ਐਸਐਸਪੀ ਡਾ. ਨਾਨਕ ਸਿੰਘ ਨੇ ਦਸਿਆ ਕਿ ਯੂਨੀਵਰਸਟੀ ਕਾਲਜ ਜੈਤੋ ਵਿਖੇ ਧਰਨੇ ਦੌਰਾਨ ਨਿਜੀ ਤੌਰ 'ਤੇ ਕੀਤੇ ਜਾ ਰਹੇ ਸ਼ਬਦੀ ਹਮਲੇ ਨੂੰ ਨਾ ਸਹਾਰਦਿਆਂ ਬਲਜਿੰਦਰ ਸਿੰਘ ਸੰਧੂ ਡੀਐਸਪੀ ਵਲੋਂ ਉਕਤ ਘਟਨਾ ਨੂੰ ਅੰਜਾਮ ਦਿਤਾ ਗਿਆ। ਉਂਝ ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।