ਸੋਨੀਪਤ, 13 ਮਾਰਚ: ਸੋਨੀਪਤ ਜ਼ਿਲ੍ਹੇ ਦੇ ਖਾਰਖੋਡਾ 'ਚ ਪੈਂਦੇ ਕਾਲਜ ਵਿਚ ਇਕ ਵਿਦਿਆਰਥੀ ਨੇ ਪ੍ਰੋਫ਼ੈਸਰ ਨੂੰ ਗੋਲੀ ਮਾਰ ਕੇ ਮਾਰ ਦਿਤਾ। ਪੁਲਿਸ ਨੇ ਦਸਿਆ ਕਿ ਪ੍ਰੋਫ਼ੈਸਰ ਰਾਜੇਸ਼ ਮਲਿਕ ਦੀ ਉਮਰ 35-40 ਸਾਲ ਸੀ ਅਤੇ ਨੌਜਵਾਨ ਦੀ ਪਛਾਣ ਕੀਤੀ ਜਾਣੀ ਬਾਕੀ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਮੁਲਜ਼ਮ ਇਸੇ ਕਾਲਜ ਦਾ ਵਿਦਿਆਰਥੀ ਹੈ। ਇਸ ਬਾਰੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ ਕਿ ਉਸ ਨੇ ਪ੍ਰੋਫ਼ੈਸਰ ਦਾ ਕਤਲ ਕਿਉਂ ਕੀਤਾ? ਪੁਲਿਸ ਨੇ ਕਿਹਾ
ਕਿ ਮੁਲਜ਼ਮ ਨੇ ਕਾਲਜ ਵਿਚ ਪ੍ਰੋਫ਼ੈਸਰ 'ਤੇ ਤਿੰਨ-ਚਾਰ ਗੋਲੀਆਂ ਚਲਾਈਆਂ ਜਿਨ੍ਹਾਂ ਵਿਚੋਂ ਇਕ ਗੋਲੀ ਪ੍ਰੋਫ਼ੈਸਰ ਦੀ ਛਾਤੀ ਵਿਚ ਜਾ ਲੱਗੀ ਜਿਸ ਕਾਰਨ ਪ੍ਰੋਫ਼ੈਸਰ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲੇ ਜਨਵਰੀ ਮਹੀਨੇ ਵਿਚ ਯਮੁਨਾਨਗਰ ਵਿਚ ਅਪਣੇ ਪਿਤਾ ਦੀ ਪਿਸਤੌਲ ਨਾਲ 12ਵੀਂ ਕਲਾਸ ਦੇ ਵਿਦਿਆਰਥੀ ਨੇ ਅਪਣੇ ਸਕੂਲ ਦੇ ਪ੍ਰਿੰਸੀਪਲ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ। (ਪੀ.ਟੀ.ਆਈ.)