ਵਿੱਕੀ ਗੌਂਡਰ ਦਾ ਖ਼ਾਤਮਾ ਕਰਨ ਵਾਲਾ ਆਈ.ਪੀ.ਐਸ. ਅਫ਼ਸਰ 'ਬਾਬੂਆਂ' ਅੱਗੇ ਹਾਰਿਆ

ਖਾਸ ਖ਼ਬਰਾਂ

ਬਠਿੰਡਾ, 29 ਜਨਵਰੀ (ਸੁਖਜਿੰਦਰ ਮਾਨ) : ਵਿੱਕੀ ਗੌਂਡਰ ਦਾ ਖ਼ਾਤਮਾ ਕਰ ਕੇ ਪੰਜਾਬ 'ਚ ਨਾਮਣਾ ਖੱਟਣ ਵਾਲਾ ਆਈ.ਪੀ.ਐਸ ਗੁਰਮੀਤ ਸਿੰਘ ਚੌਹਾਨ ਬਾਬੂਆਂ ਅੱਗੇ ਹਾਰ ਗਿਆ ਹੈ। ਤਿੰਨ ਦਿਨ ਪਹਿਲਾਂ ਸੂਬੇ ਦੇ ਮਸ਼ਹੂਰ ਗੈਂਗਸਟਰ  ਤੇ ਉਸ ਦੇ ਸਾਥੀਆਂ ਨੂੰ ਮੁਕਾਬਲੇ 'ਚ ਮਾਰ ਸੁੱਟਣ ਵਾਲਾ ਵੱਡਾ ਮਾਅਰਕਾ ਮਾਰਨ ਦੇ ਚਲਦੇ ਨਾ ਸਿਰਫ਼ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਬਲਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰ ਕੇ ਚੌਹਾਨ ਦੀ ਪਿੱਠ ਥਾਪੜੀ ਸੀ ਪ੍ਰੰਤੂ ਅਪਣੇ ਬਜ਼ੁਰਗ ਪਿਤਾ ਦੇ ਪੀ. ਬੋਰ ਅਸਲੇ ਨੂੰ ਅਪਣੇ ਨਾਮ ਕਰਵਾਉਣ ਲਈ ਇਸ ਅਫ਼ਸਰ ਦੇ ਗ੍ਰਹਿ ਵਿਭਾਗ ਨੇ ਹੱਥ ਖੜੇ ਕਰਾ ਦਿਤੇ ਹਨ। ਕਰੀਬ ਪਿਛਲੇ 6 ਮਹੀਨਿਆਂ ਤੋਂ ਪੀ. ਬੋਰ ਹਥਿਆਰ ਲੈਣ ਲਈ ਅਸਲਾ ਲਾਇਸੈਂਸ ਬਣਾਉਣ ਲਈ ਕੋਸ਼ਿਸ਼ਾਂ ਕਰ ਰਹੇ ਏ.ਆਈ.ਜੀ ਚੌਹਾਨ ਨੂੰ ਹੁਣ ਅਸਲਾ ਲਾਇਸੈਂਸ ਬਣਾਉਣ ਲਈ ਅਪਣੀ ਪਤਨੀ ਤੋਂ ਕੋਈ ਇਤਰਾਜ਼ ਨਹੀਂ ਦਾ ਹਲਫ਼ੀਆ ਬਿਆਨ ਦਿਵਾਉਣ ਲਈ ਕਿਹਾ ਗਿਆ ਹੈ। ਹਾਲਾਂਕਿ ਅਪਣੇ ਬਜ਼ੁਰਗ ਪਿਤਾ ਦਾ 38 ਬੋਰ ਪਿਸਤੌਲ ਗੁਰਮੀਤ ਸਿੰਘ ਚੌਹਾਨ ਦੇ ਨਾਮ ਕਰਨ ਲਈ ਉਸ ਦੇ ਦੂਜੇ ਭਰਾ ਨੇ ਪਹਿਲਾਂ ਹੀ ਹਲਫ਼ੀਆ ਬਿਆਨ ਰਾਹੀਂ ਸਹਿਮਤੀ ਦਿਤੀ ਹੋਈ ਹੈ। ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਚੌਹਾਨ ਨੇ ਇਸ ਦੀ ਪੁਸ਼ਟੀ ਕੀਤੀ।ਉਨ੍ਹਾਂ ਦਸਿਆ ਕਿ ਉਹ ਇਨ੍ਹਾਂ ਨਵੀਆਂ ਸ਼ਰਤਾਂ ਨੂੰ ਸੁਣ ਕੇ ਕਾਫ਼ੀ ਹੈਰਾਨ ਹੋਏ ਹਨ ਕਿਉਂਕਿ ਇਸ ਮਾਮਲੇ 'ਚ ਉਨ੍ਹਾਂ ਦੇ ਪਿਤਾ ਦੇ ਕਾਨੂੰਨੀ ਵਾਰਸਾਂ ਨੇ ਪਹਿਲਾਂ ਹੀ ਸਹਿਮਤੀ ਦਿਤੀ ਹੋਈ ਹੈ। ਉਨ੍ਹਾਂ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੇ ਇਕ ਸਾਲ ਤੋਂ ਉਹ ਇਹ ਲਾਇਸੈਂਸ ਬਣਾਉਣ ਲਈ ਭੱਜਨੱਠ ਕਰ ਰਹੇ ਹਨ ਪ੍ਰੰਤੂ ਹਾਲੇ ਤਕ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ ਹੈ। 

ਸੂਚਨਾ ਮੁਤਾਬਕ ਉਨ੍ਹਾਂ ਦੇ ਪਿਤਾ ਜਰਨੈਲ ਸਿੰਘ ਦੇ ਨਾਮ 38 ਪੀ.ਬੋਰ ਦਾ ਪਸਤੌਲ ਹੈ ਜਿਸ ਨੂੰ ਹੁਣ ਬਜ਼ੁਰਗ ਹੋਣ ਕਰ ਕੇ ਜਰਨੈਲ ਸਿੰਘ ਨੇ ਅਪਣੇ ਪੁੱਤਰ ਗੁਰਮੀਤ ਸਿੰਘ ਨੂੰ ਦੇਣ ਦਾ ਫ਼ੈਸਲਾ ਕੀਤਾ ਸੀ। ਇਸ ਤੋਂ ਇਲਾਵਾ ਆਈ.ਪੀ.ਐਸ ਅਧਿਕਾਰੀ ਨੇ ਪੀ.ਬੋਰ ਦਾ ਲਾਇਸੈਂਸ ਬਣਾਉਣ ਲਈ ਅਪਣੇ ਵਿਭਾਗ ਤੋਂ ਵੀ ਮਨਜ਼ੂਰੀ ਲੈ ਕੇ ਦਿਤੀ ਹੋਈ ਹੈ। ਸੂਚਨਾ ਮੁਤਾਬਕ ਹੁਣ ਸੂਬੇ ਦੇ ਗ੍ਰਹਿ ਵਿਭਾਗ ਨੇ ਨਵੇਂ ਆਦੇਸ਼ ਜਾਰੀ ਕਰਦੇ ਹੋਏ ਪੀ.ਬੋਰ ਦਾ ਲਾਇਸੈਂਸ ਬਣਾਉਣ ਲਈ ਅਪਣੀ ਪਤਨੀ ਦੀ ਸਹਿਮਤੀ ਵਾਲਾ ਹਲਫ਼ੀਆ ਬਿਆਨ ਦਿਵਾਉਣ ਤੋਂ ਇਲਾਵਾ ਅਪਣਾ ਰਿਹਾਇਸ਼ੀ ਸਰਟੀਫ਼ੀਕੇਟ ਅਤੇ ਅਪਣੇ ਵਲੋਂ ਇਹ ਵੀ ਹਲਫ਼ੀਆ ਬਿਆਨ ਦੇ ਕੇ ਇਹ ਵੀ ਦਸਣ ਲਈ ਕਿਹਾ ਹੈ ਕਿ ਉਨ੍ਹਾਂ ਕੋਲ ਪਹਿਲਾਂ ਕੋਈ ਲਾਇਸੈਂਸ ਜਾਂ ਅਸਲਾ ਹੈ। ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀਪਾਰਵਾ ਲਾਕੜਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਹਦਾਇਤਾਂ ਦੀ ਪਾਲਣਾ ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਦੇ ਆਦੇਸ਼ਾਂ 'ਤੇ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਹੀ ਉਕਤ ਅਧਿਕਾਰੀ ਇਹ ਸ਼ਰਤਾਂ ਪੂਰੀਆਂ ਕਰ ਦੇਣਗੇ ਉਦੋ ਉਨ੍ਹਾਂ ਦੇ ਪੀ.ਬੋਰ ਲਾਇਸੈਂਸ ਲਈ ਸਿਫ਼ਾਰਸ਼ ਕਰ ਦਿਤੀ ਜਾਵੇਗੀ।