ਵਿੱਕੀ ਗੌਂਡਰ ਦੀ ਮੌਤ ਦਾ ਬਦਲਾ ਲੈਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਖਾਸ ਖ਼ਬਰਾਂ

ਜਲੰਧਰ/ਜਗਰਾਉਂ, 31 ਜਨਵਰੀ (ਸੁਦੇਸ਼/ਪਰਮਜੀਤ ਸਿੰਘ ਗਰੇਵਾਲ) : ਬੀਤੇ ਦਿਨੀਂ ਪੰਜਾਬ ਪੁਲਿਸ ਨੇ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਮੁਕਾਬਲੇ 'ਚ ਮਾਰ ਮੁਕਾਇਆ ਸੀ, ਜਿਸ ਦਾ ਬਦਲਾ ਲੈਣ ਲਈ ਉਸ ਦੇ ਸਾਥੀਆਂ ਨੇ ਫੇਸਬੁੱਕ 'ਤੇ ਪੁਲਿਸ ਨੂੰ ਧਮਕੀ ਦਿਤੀ ਸੀ। ਪੁਲਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਦੇ ਹੋਏ ਉਕਤ ਫੇਸਬੁੱਕ 'ਤੇ ਧਮਕੀ ਦੇਣ ਵਾਲੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ। ਇਸ ਸਬੰਧੀ ਆਈ. ਜੀ. ਜਲੰਧਰ ਜ਼ੋਨ ਅਰਪਿਤ ਸ਼ੁਕਲਾ ਅਤੇ ਡੀ. ਆਈ. ਜੀ. ਗੁਰਸ਼ਰਨ ਸਿੰਘ ਸੰਧੂ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਸਿਆ  ਕਿ ਕੁੱਝ ਦਿਨ ਪਹਿਲਾਂ ਵਿੱਕੀ ਗੌਡਰ ਦੀ ਪੁਲਿਸ ਮੁਕਾਬਲੇ ਵਿਚ ਹੋਈ ਮੌਤ ਸਬੰਧੀ ਉਸ ਦੇ ਸਾਥੀਆਂ ਵਲੋਂ ਫੇਸਬੁੱਕ 'ਤੇ ਪੋਸਟ ਪਾਈ ਗਈ, ਜਿਸ ਵਿਚ ਵਿੱਕੀ ਗੌਂਡਰ ਦੀ ਮੌਤ ਦਾ ਬਦਲਾ ਲੈਣ ਦੀ ਧਮਕੀ ਦਿਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਤੁਸੀਂ ਦੋ ਮਾਰੋਗੇ ਤਾਂ ਅਸੀਂ ਪੁਲਿਸ ਦੇ ਚਾਰ ਮਾਰਾਂਗੇ।ਧਮਕੀ ਦੇਣ ਵਾਲਿਆਂ ਨੂੰ ਕਾਬੂ ਕਰਨ ਲਈ ਡੀ. ਜੀ. ਪੀ. ਪੰਜਾਬ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇਕ ਸ਼ਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ, ਜੋ ਟੀਮ ਨੇ ਫੇਸਬੁੱਕ ਦੇਅਕਾਉਟਸ ਤੋਂ ਕੁਝ ਵਿਅਕਤੀਆਂ ਦਾ ਪਤਾ ਲਗਾਇਆ ਹੈ, ਜਿੰਨ੍ਹਾ ਨੂੰ ਕਾਬੂ ਕਰਨ ਲਈ ਐਸ. ਐਸ. ਪੀ. ਸੁਰਜੀਤ ਸਿੰਘ ਅਤੇ ਐਸ. ਪੀ. (ਡੀ) ਰੁਪਿੰਦਰ ਕੁਮਾਰ ਭਾਰਦਵਾਜ ਨੂੰ ਵਿਸ਼ੇਸ ਹਦਾਇਤਾਂ ਕੀਤੀਆਂ ਗਈਆਂ ਹਨ।ਜਿਲ੍ਹਾ ਲੁਧਿਆਣਾ ਦਿਹਾਤੀ ਦੀ ਟੀਮ ਨੂੰ ਮੁਖ਼ਬਰੀ ਦੇ ਆਧਾਰ 'ਤੇ ਦੌਰਾਨੇ ਨਾਕਾਬੰਦੀ ਟੀ-ਪੁਆਇੰਟ ਗਾਲਿਬ ਕਲਾਂ ਤੋਂ ਇੱਕ ਇਨੋਵਾ ਗੱਡੀ ਪੀ.ਬੀ.13-1717 ਨੂੰ ਕਾਬੂ ਕਰ ਕੇ ਦੋਸ਼ੀ ਕਾਰਜ ਸਿੰਘ , ਗੁਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਪਾਸੋਂ 500 ਗ੍ਰਾਮ ਹੈਰੋਇਨ, 4 ਪਿਸਟਲ 12 ਬੋਰ ਅਤੇ 2 ਪਿਸਟਲ 32 ਬੋਰ ਬਰਾਮਦ ਕੀਤੇ।