ਵਿੱਕੀ ਗੌਂਡਰ ਦੀ ਮੌਤ 'ਤੇ ਸ਼ੇਰਾ ਖੁੱਬਣ ਗਰੁੱਪ ਨੇ ਪੁਲਿਸ ਨੂੰ ਦਿੱਤੀ ਇੱਕ ਦੇ ਬਦਲੇ 3 ਨੂੰ ਮਾਰਨ ਦੀ ਧਮਕੀ

ਖਾਸ ਖ਼ਬਰਾਂ

ਚੰਡੀਗੜ੍ਹ : ਪੰਜਾਬ ਪੁਲਿਸ ਨੇ ਭਾਵੇਂ ਕਿ ਖ਼ਤਰਨਾਕ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਨੂੰ ਮੁਕਾਬਲੇ ਦੌਰਾਨ ਢੇਰ ਦਿੱਤਾ ਹੈ ਪਰ ਇਸ ਤੋਂ ਬਾਅਦ ਹੁਣ ਵਿੱਕੀ ਗੌਂਡਰ ਸਰਾਵਾਂ ਬੋਦਲਾ ਨਾਂਅ ਦੀ ਫੇਸਬੁੱਕ ਆਈਡੀ ਤੋਂ ਗੈਂਗਸਟਰਾਂ ਦੇ ਸ਼ੇਰਾ ਖੁੱਬਣ ਗਰੁੱਪ ਨੇ ਫੇਸਬੁੱਕ 'ਤੇ ਪੁਲਿਸ ਨੂੰ ਬਦਲਾ ਲੈਣ ਦੀ ਧਮਕੀ ਦਿੱਤੀ ਹੈ। ਸ਼ੇਰਾ ਖੁੱਬਣ ਗਰੁੱਪ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਇੱਕ ਦੇ ਬਦਲੇ ਤਿੰਨ ਅਤੇ ਦੋ ਦੇ ਬਦਲੇ 6 ਨੂੰ ਮਾਰਨ ਦੀ ਗੱਲ ਆਖੀ ਹੈ। ਉਨ੍ਹਾਂ ਆਪਣੀ ਪੋਸਟ 'ਚ ਲਿਖਿਆ ...



ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਤੇ ਭੈਣਾਂ ਨੂੰ


ਅੱਜ ਜੋ ਵੀ ਹੋਇਆ ਬਹੁਤ ਮਾੜਾ ਹੋਇਆ। ਸਾਡੇ ਬਹੁਤ ਹੀ ਖਾਸ ਵੀਰ ਵਿੱਕੀ ਗੌਂਡਰ ਤੇ ਪ੍ਰੇਮਾ ਲਹੌਰੀਆ ਸਾਡੇ ਤੋਂ ਦੂਰ ਹੋ ਗਏ ਸਮਝਦੇ ਆ ਇਹ ਪੁਲਸ ਆਲੇ ਪਰ ਓਹਨਾ ਨੂੰ ਇਹ ਨਹੀਂ ਪਤਾ ਉਹ ਅੱਜ ਵੀ ਸਾਡੇ ਦਿਲਾਂ 'ਚ ਜਿਊਂਦੇ ਵਾ ਤੇ ਪੁਲਸ ਓਹਨਾਂ ਨੂੰ ਮਰਿਆ ਸਮਝਦੀ ਆ...ਓਹ ਸਾਡੇ ਭਰਾਵਾਂ ਦੇ ਦਿਲਾਂ 'ਚ ਵਸਦੇ ਆ। ਪੰਜਾਬ ਪੁਲਿਸ ਨੇ ਝੂਠਾ ਮੁਕਾਬਲਾ ਬਣਾਇਆ ਤੇ ਵੀਰ ਹੁਰਾਂ ਨੂੰ ਜਾਨ ਤੋਂ ਮਾਰਤਾ ।


ਤੁਹਾਨੂੰ ਪਹਿਲਾਂ ਕਿਹਾ ਸੀ ਬਣਦੀ ਕਾਰਵਾਈ ਕਰੋ, ਝੂਠੇ ਮੁਕਾਬਲੇ ਨਾ ਬਣਾਓ, ਫ਼ਰਕ ਤਾਂ ਤੁਹਾਡੇ ਤੇ ਵੀਰ 'ਚ ਵੀ ਕੋਈ ਨਹੀਂ ਰਿਹਾ। ਬਾਕੀ ਤੁਹਾਨੂੰ ਪਹਿਲਾਂ ਕਿਹਾ ਸੀ। ਇਕ ਮਾਰੋਗੇ ਤੇ ਅਸੀਂ 2 ਮਾਰਾਂਗੇ। ਹੁਣ ਤੁਹਾਡੇ 6 ਮਾਰਾਂਗੇ... ਬੱਸ ਤਕੜੇ ਹੋ ਕੇ ਰਿਹੋ। ਤੁਹਾਨੂੰ ਵੀ ਦੱਸਾਂਗੇ ਮੈਡਲ ਪਵਾਉਣ ਵਾਲਿਓ ਕਿਸੇ ਦਾ ਪੁੱਤ ਕਿਵੇਂ ਮਾਰੀਦਾ...।


ਤੇਰਾ ਬਦਲਾ ਜ਼ਰੂਰ ਲਵਾਂਗੇ ਵਿੱਕੀ ਯਾਰਾ.... ਭਾਵੇਂ ਉਹ ਕੋਈ ਵੀ ਆ.... ਜੋ ਕਹਿਤਾ ਤਾਂ ਜ਼ਰੂਰ ਕਰਕੇ ਵਿਖਾਵਾਂਗੇ।

ਤੇਰੇ ਭਰਾ ਜਿਊਂਦੇ ਆ ਹਜੇ। ਤੂੰ ਸਾਡੀ ਰੂਹ ਵਿੱਚ ਵਸਿਆ ਵਾ... ਵੇਖਦੇ ਆ ਕਿਵੇਂ ਕੱਢੂੰਗੇ ਇਹ। ਬਾਕੀ ਤੇਰੇ ਯਾਰ ਜਿਊਂਦੇ ਆ ਹਜੇ।



ਤੇ ਇੱਕ ਗੱਲ ਹੋਰ ਇਹ ਗੱਲ ਸਿਰਫ਼ ਵਿੱਕੀ ਗੌਂਡਰ ਦੀ ਨਹੀਂ ਆ.. ਜਿਹਨਾਂ ਦਾ ਕੱਲਾ-ਕੱਲਾ ਪੁੱਤ ਸੀ, ਤੁਸੀਂ ਤਾਂ ਉਸ ਮਾਂ ਬਾਪ ਨੂੰ ਵੀ ਜਿਊਂਦਿਆਂ ਨੂੰ ਮਾਰਤਾ। ਪੁਲਿਸ ਆਲਿਓ ਜਦੋਂ ਤੁਹਾਡੇ ਆਪਣੇ ਮਰਨਗੇ ਨਜਾਇਜ਼.... ਫੇਰ ਪਤਾ ਲੱਗੂ ਤੁਹਾਨੂੰ ਕਿਸੇ ਦਾ ਘਰ ਕਿਵੇਂ ਪੱਟੀਦਾ। ਬੱਸ ਤੁਸੀਂ ਇਹੀ ਸੋਚ ਭਰਨੀ ਸੀ ਸਾਡੇ ਦਿਮਾਗ 'ਚ... ਸੋ ਉਹ ਅੱਜ ਤੁਸੀਂ ਭਰਤੀ...।

ਇਸ ਨੂੰ ਧਮਕੀ ਨਾ ਸਮਝਿਆ ਜਾਵੇ...ਇਹ ਸਿਰਫ ਇਸ ਲਈ ਦੱਸ ਰਹੇ ਆਂ ਕਿ ਪੰਜਾਬ ਦਾ ਯੂਥ ਕੱਲ੍ਹ ਨੂੰ ਸਾਨੂੰ ਨਾ ਗ਼ਲਤ ਸਮਝੇ ਤੇ ਇਹ ਪੰਜਾਬ ਦਾ ਮਾਹੌਲ ਇਹ ਆਪ ਖ਼ਰਾਬ ਕਰ ਰਹੇ ਨੇ...।


ਬਾਕੀ ਇਹ ਗਲਤੀ ਤੁਸੀਂ ਜਿਹੜੀ ਕੀਤੀ ਆ ਇਹ ਨਹੀਂ ਸੀ ਕਰਨੀ ਚਾਹੀਦੀ। ਤੁਸੀਂ ਆਪਣਾ ਕੰਮ ਕਰ ਲਿਆ ਹੁਣ ਸਾਡੀ ਵਾਰੀ ਆ...। ਹੁਣ ਇਹ ਨਾ ਆਖਿਓ.. ਪੁੱਤ ਦਾ ਕੀ ਕਸੂਰ ਸੀ ਜਾਂ ਭਰਾ ਦਾ, ਜਿਹਨਾਂ ਦਾ ਤੁਸੀਂ ਪੁੱਤ ਮਾਰਿਆ ਉਸ ਮਾਂ ਦਾ ਵੀ ਕੀ ਕਸੂਰ ਸੀ।

ਵੱਲੋਂ : ਸ਼ੇਰਾ ਖੁੱਬਣ ਗਰੁੱਪ



ਭਾਵੇਂ ਕਿ ਪਿਛਲੇ ਕਾਫ਼ੀ ਸਮੇਂ ਤੋਂ ਪੁਲਿਸ ਪ੍ਰਸਾਸ਼ਨ ਵੱਲੋਂ ਵਿਸ਼ੇਸ਼ ਯੋਜਨਾ ਤਹਿਤ ਸੋਸ਼ਲ ਮੀਡੀਆ 'ਤੇ ਗੈਂਗਸਟਰਾਂ ਦੀਆਂ ਸਰਗਰਮੀਆਂ ਨੂੰ ਨੱਥ ਪਾਉਣ ਦੀ ਗੱਲ ਆਖੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਗੈਂਗਸਟਰਾਂ ਦੀਆਂ ਸੋਸ਼ਲ ਮੀਡੀਆ 'ਤੇ ਸਰਗਰਮੀਆਂ ਜਾਰੀ ਹਨ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਇਨ੍ਹਾਂ ਗੈਂਗਸਟਰਾਂ 'ਤੇ ਕਿਵੇਂ ਨਕੇਲ ਕਸਦੀ ਹੈ।