ਯੌਨ ਸ਼ੋਸ਼ਣ ਮਾਮਲੇ 'ਚ ਬਾਲੀਵੁਡ ਐਕਟਰ ਜਤਿੰਦਰ 'ਤੇ ਸ਼ਿਮਲਾ 'ਚ FIR ਦਰਜ

ਖਾਸ ਖ਼ਬਰਾਂ

ਮੁੰਬਈ : ਮਸ਼ਹੂਰ ਜਾਣੇ ਪਹਿਚਾਣੇ ਸਟਾਰ ਜਤਿੰਦਰ ਉੱਤੇ ਯੌਨ ਸ਼ੋਸ਼ਣ ਮਾਮਲੇ ਵਿੱਚ ਐੱਫ. ਆਈ. ਆਰ. ਦਰਜ ਹੋਈ ਹੈ। ਹਿਮਾਚਲ ਪ੍ਰਦੇਸ਼ ਦੇ ਨਿਊ ਸ਼ਿਮਲਾ ਥਾਣੇ ਵਿੱਚ ਮੁਕੱਦਮਾ ਦਰਜ ਹੋਇਆ ਹੈ। ਜਤਿੰਦਰ ਦੀ ਕਰੀਬੀ ਮਹਿਲਾ ਰਿਸ਼ਤੇਦਾਰ ਨੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਹਨ। ਮਹਿਲਾ ਨੇ ਆਪਣੇ ਵਕੀਲ ਦੇ ਮਧਿਆਮ ਨਾਲ ਫਰਵਰੀ ਮਹੀਨੇ 'ਚ ਹਿਮਾਚਲ ਦੇ ਪੁਲਿਸ ਮਹਾਨਿਰਦੇਸ਼ਕ ਨੂੰ ਈ-ਮੇਲ ਨਾਲ ਸ਼ਿਕਾਇਤ ਭੇਜੀ ਸੀ ਤੇ ਸ਼ਿਕਾਇਤ 'ਚ ਐਕਟਰ ਜਤਿੰਦਰ 'ਤੇ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਸੀ। 

ਮਾਮਲੇ ਦੀ ਜਾਂਚ ਪੜਤਾਲ ਸ਼ਿਮਲਾ ਪੁਲਿਸ ਕਰ ਰਹੀ ਹੈ। ਕਾਨੂੰਨੀ ਜਾਣਕਾਰਾਂ ਤੋਂ ਸਲਾਹ ਲੈਣ ਤੋਂ ਬਾਅਦ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਅਜਿਹੇ 'ਚ ਅਭਿਨੇਤਾ ਜਤਿੰਦਰ ਆਉਣ ਵਾਲੇ ਦਿਨਾਂ 'ਚ ਮੁਸ਼ਕਿਲ 'ਚ ਘਿਰ ਸਕਦਾ ਹੈ। ਮੁਕੱਦਮਾ ਦਰਜ ਹੋਣ ਤੋਂ ਬਾਅਦ ਪੀੜਿਤ ਮਹਿਲਾ ਨਾਲ ਪੁਲਿਸ ਲਗਾਤਾਰ ਸੰਪਰਕ 'ਚ ਹੈ। ਵੀਡੀਓ ਕਾਨਫਰੰਸ ਦੇ ਜਰੀਏ ਮਹਿਲਾ ਨਾਲ ਪੁਲਸ ਨੇ ਕਾਫੀ ਜਾਣਕਾਰੀ ਇਕੱਠੀ ਕਰ ਲਈ ਹੈ। ਮਹਿਲਾ ਸ਼ਿਮਲਾ ਆਉਣ ਤੇ ਮਜਿਸਟਰੇਟ ਸਾਹਮਣੇ ਬਿਆਨ ਦੇਣ ਲਈ ਤਿਆਰ ਹੋ ਗਈ ਹੈ। ਇਸ ਤੋਂ ਬਾਅਦ ਹੀ ਪੁਲਿਸ ਸਿਨੇ ਐਕਟਰ ਜਤਿੰਦਰ 'ਤੇ ਕਾਨੂੰਨੀ ਸ਼ਿਕੰਜਾ ਕੱਸੇਗੀ।

ਆਪਣੀ ਹੱਡਬੀਤੀ ਸੁਣਾਉਂਦਿਆਂ ਮਹਿਲਾ ਨੇ ਕਿਹਾ, ''ਮੈਂ ਜਦੋਂ 18 ਸਾਲ ਦੀ ਸੀ, ਉਦੋਂ ਜਤਿੰਦਰ ਨੇ ਮੇਰੇ ਪਿਤਾ ਨੂੰ ਕਿਹਾ ਕਿ ਉਹ ਮੈਨੂੰ ਫਿਲਮ ਸ਼ੂਟ 'ਤੇ ਲੈ ਕੇ ਜਾ ਰਹੇ ਹਨ। ਜਿਥੇ ਐਕਟਰ ਨੇ ਇਸ ਗੰਦੀ ਹਰਕਤ ਨੂੰ ਅੰਜਾਮ ਦਿੱਤਾ।'' ਇਸ ਘਟਨਾ ਤੋਂ ਬਾਅਦ ਉਹ ਕਈ ਸਾਲਾਂ ਤੱਕ ਸਦਮੇ 'ਚ ਰਹੀ। ਇਸ ਵਾਰਦਾਤ ਦਾ ਉਸ ਦੇ ਦਿਮਾਗ 'ਤੇ ਡੂੰਘਾ ਅਸਰ ਪਿਆ। ਪੀੜਤਾ ਮੁਤਾਬਕ ਜਤਿੰਦਰ ਇਕ ਨਾਮੀ ਐਕਟਰ ਹੈ। 

ਉਸ ਦੇ ਅਮੀਰ ਲੋਕਾਂ ਤੇ ਨੇਤਾਵਾਂ ਨਾਲ ਚੰਗੇ ਸਬੰਧ ਹਨ। ਜਤਿੰਦਰ ਦੀ ਕਜ਼ਨ ਨੇ ਆਪਣੇ ਮਾਤਾ-ਪਿਤਾ ਦੇ ਦਿਹਾਂਤ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਉਣ ਦਾ ਮਨ ਬਣਾਇਆ ਕਿਉਂਕਿ ਉਸ ਦੇ ਮਾਤਾ-ਪਿਤਾ ਨੂੰ ਐਕਟਰ ਦੀ ਇਹ ਹਰਕਤ ਜਾਣ ਕੇ ਦੁੱਖ ਹੁੰਦਾ। ਉਸ ਦੀ ਕਜ਼ਨ ਨੇ ਕਿਹਾ, 'ਮੈਨੂੰ ਇਸ ਘਟਨਾ ਨੂੰ ਦੱਸਣ 'ਚ ਕਈ ਸਾਲ ਲੱਗ ਗਏ। ਇਸ ਦੀ ਹਿੰਮਤ ਮੈਨੂੰ ਇਨ੍ਹੀਂ ਦਿਨੀਂ ਚੱਲ ਰਹੇ ਕੈਂਪੇਨ 'ਮੀ ਟੂ' ਦੀ ਵਜ੍ਹਾ ਕਾਰਨ ਆਈ ਹੈ। ਇਨ੍ਹਾਂ ਅੰਦੋਲਨਾਂ ਕਾਰਨ ਦੁਨੀਆ ਦੀਆਂ ਲੱਖਾਂ ਪੀੜਤ ਮਹਿਲਾਵਾਂ ਨੂੰ ਆਪਣੀ ਗੱਲ ਸਾਹਮਣੇ ਰੱਖਣ ਦੀ ਹਿੰਮਤ ਮਿਲੀ ਹੈ। ਪਰਿਵਾਰ ਤੇ ਰਿਸ਼ਤੇਦਾਰਾਂ ਵਲੋਂ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਪੀੜਤਾਂ 'ਚ ਹੁਣ ਉਮੀਦ ਦੀ ਕਿਰਨ ਜਾਗੀ ਹੈ।