ਯੂਪੀ-ਬਿਹਾਰ ਦੀਆਂ ਉਪ ਚੋਣਾਂ 'ਚ ਭਾਜਪਾ ਨੂੰ ਵੱਡਾ ਝਟਕਾ, ਜੇਤੂ ਰਥ ਨੂੰ ਲੱਗੀਆਂ ਬ੍ਰੇਕਾਂ

ਖਾਸ ਖ਼ਬਰਾਂ

ਕੁਝ ਦਿਨ ਪਹਿਲਾਂ ਹੀ ਦੇਸ਼ ਦੇ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਹੋਈ ਸ਼ਾਨਦਾਰ ਜਿੱਤ ਦਾ ਜਸ਼ਨ ਮਨਾ ਕੇ ਹਟੀ ਭਾਜਪਾ ਨੂੰ ਕਰਾਰਾ ਝਟਕਿਆ ਲੱਗਿਆ ਹੈ ਕਿਉਂਕਿ ਦੇਸ਼ ਵਿਚ ਪੰਜ ਸੀਟਾਂ 'ਤੇ ਹੋਈਆਂ ਲੋਕ ਸਭਾ ਜ਼ਿਮਨੀ ਚੋਣਾਂ ਵਿਚ ਮੋਦੀ ਦੀ ਲਹਿਰ ਆਪਣਾ ਅਸਰ ਦਿਖਾਉਣ 'ਚ ਅਸਫ਼ਲ ਰਹੀ ਹੈ।


 

ਯੂਪੀ ਦੀਆਂ ਦੋ ਸੀਟਾਂ ਗੋਰਖ਼ਪੁਰ ਅਤੇ ਫੂਲਪੁਰ ਤੋਂ ਸਮਾਜਵਾਦੀ ਪਾਰਟੀ ਨੇ ਭਾਜਪਾ ਨੂੰ ਪਛਾੜਦਿਆਂ ਬਾਜ਼ੀ ਮਾਰ ਲਈ ਹੈ ਜਦੋਂ ਕਿ ਬਿਹਾਰ ਦੀਆਂ ਤਿੰਨ ਸੀਟਾਂ ਅਰਰੀਆ, ਜਹਾਨਾਬਾਦ ਅਤੇ ਭਬੂਆ ਵਿਚੋਂ ਦੋ 'ਤੇ ਲਾਲੂ ਪ੍ਰਸ਼ਾਦ ਦੇ ਰਾਸ਼ਟਰੀ ਜਨਤਾ ਦਲ ਦੇ ਉਮੀਦਵਾਰਾਂ ਦੀ ਜਿੱਤ ਹੋਈ ਅਤੇ ਮਹਿਜ਼ ਇੱਕ ਸੀਟ ਹੀ ਭਾਜਪਾ ਦੇ ਖ਼ਾਤੇ ਪੈ ਸਕੀ ਹੈ।



ਦੱਸ ਦੇਈਏ ਕਿ ਇਨ੍ਹਾਂ ਵਿਚੋਂ ਯੂਪੀ ਦੇ ਗੋਰਖ਼ਪੁਰ ਦੀ ਸੀਟ ਨੂੰ ਕਾਫ਼ੀ ਅਹਿਮ ਮੰਨਿਆ ਗਿਆ ਸੀ ਕਿਉਂਕਿ ਇਹ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦਾ ਇਲਾਕਾ ਹੈ। ਇਸ ਖੇਤਰ ਵਿਚੋਂ ਭਾਜਪਾ ਉਮੀਦਵਾਰਾਂ ਦੀ ਹੋਈ ਕਰਾਰੀ ਹਾਰ ਨੇ ਭਾਜਪਾ ਦੇ ਜੇਤੂ ਰਥ ਨੂੰ ਬਰੇਕਾਂ ਲਗਾ ਦਿਤੀਆਂ ਹਨ। ਵਿਰੋਧੀ ਪਾਰਟੀਆਂ ਨੇ ਇਨ੍ਹਾਂ ਚੋਣਾਂ ਨੂੰ 2019 ਦਾ ਟ੍ਰੇਲਰ ਕਰਾਰ ਦਿੱਤਾ ਹੈ।



ਯਕੀਨਨ ਤੌਰ 'ਤੇ ਇਹ ਦੇਸ਼ ਨੂੰ ਕਾਂਗਰਸ ਮੁਕਤ ਕਰਨ ਦਾ ਏਜੰਡਾ ਲੈ ਕੇ ਚੱਲ ਰਹੀ ਭਾਜਪਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਕਿਉਂਕਿ ਹਾਲੇ ਬੀਤੇ ਦਿਨ ਹੀ ਯੋਗੀ ਸਰਕਾਰ ਨੇ ਆਪਣੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ ਕੀਤਾ ਹੈ। ਅਜਿਹੇ ਵਿਚ ਇਕ ਸਾਲ ਦੌਰਾਨ ਹੀ ਭਾਜਪਾ ਯੂਪੀ ਵਿਚ ਗਿਰਾਵਟ ਵੱਲ ਆਉਣ ਲੱਗੀ ਹੈ ਤਾਂ ਮੰਨਿਆ ਜਾ ਸਕਦਾ ਹੈ ਕਿ ਭਾਜਪਾ ਲਈ 2019 ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ।