ਜ਼ਲਦ ਹੀ ਕਾਮਿਕ ਹੀਰੋ ਬਣਨਗੇ 'ਸਚਿਨ ਤੇਂਦੁਲਕਰ'

ਨਵੀਂ ਦਿੱਲੀ : ਕ੍ਰਿਕਟ ਦੇ ਭਗਵਾਨ ਮੰਨੇ ਜਾਣ ਵਾਲੇ ਸਚਿਨ ਤੇਂਦੁਲਕਰ ਹੁਣ ਇਕ ਨਵੇਂ ਅਵਤਾਰ ਵਿਚ ਨਜ਼ਰ ਆਉਣ ਵਾਲੇ ਹਨ। ਜੀ ਹਾਂ ਸਚਿਨ ਇਸ ਵਾਰ ਇਕ ਕਾਮਿਕ ਹੀਰੋ ਬਣ ਕੇ ਗੇਂਦਬਾਜ਼ਾਂ ਦੇ ਹੋਸ਼ ਉਡਾਉਂਦੇ ਦਿਸਣਗੇ। ਸਚਿਨ ਦੇ ਕਰੀਅਰ ਦੀਆਂ ਦੋ ਯਾਦਗਾਰ ਪਾਰੀਆਂ ਨੂੰ ਸਚਿਨ ਦੇ ਫੈਂਸ 25 ਪੰਨਿਆਂ ਦੀ ਕਾਮਿਕ ਬੁੱਕ ਵਿਚ ਪੜ੍ਹ ਅਤੇ ਵੇਖ ਸਕਦੇ ਹਨ। ਇਹ ਕਾਮਿਕਸ ਬਹੁਤ ਛੇਤੀ ਹੀ ਬਾਜ਼ਾਰ ਵਿਚ ਪਹੁੰਚ ਜਾਵੇਗੀ।

ਸਚਿਨ ਭਾਵੇਂ ਹੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹੋਣ ਪਰ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਆਈ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਪੁਰਾਣੇ ਸਮੇਂ ਵਿਚ ਖੇਡੀਆਂ ਗਈਆਂ ਉਨ੍ਹਾਂ ਦੀਆਂ ਕੁਝ ਯਾਦਗਾਰ ਪਾਰੀਆਂ ਹੁਣ ਕਾਮਿਕ ਦੇ ਰੂਪ ਵਿਚ ਪਾਠਕਾਂ ਵਿਚਾਲੇ ਪੁੱਜਣਗੀਆਂ। ਇਕ ਕਾਮਿਕ ਪਬਲਿਕੇਸ਼ਨ ਨੇ ਫੈਸਲਾ ਲਿਆ ਹੈ ਕਿ, ਸਚਿਨ ਨੂੰ ਉਹ ਇਕ ਕਾਮਿਕ ਹੀਰੋ ਦੇ ਅਵਤਾਰ ਵਿਚ ਸਭ ਦੇ ਸਾਹਮਣੇ ਪੇਸ਼ ਕਰਣਗੇ।

ਕ੍ਰਿਕਟ ਦਾ ਹਰ ਉਹ ਚਹੇਤਾ, ਚਾਹੇ ਬੱਚਾ ਹੋਵੇ ਜਾਂ ਵੱਡਾ ਇਸ ਕਾਮਿਕ ਬੁੱਕ ਨੂੰ ਜ਼ਰੂਰ ਪੜ੍ਹੇਗਾ। ਇਸ ਕਾਮਿਕ ਬੁੱਕ ਵਿਚ 25 ਪੰਨੇ ਹੋਣਗੇ ਜਿਸ ਵਿਚ ਸਚਿਨ ਦੇ ਜੀਵਨ ਦੇ ਕਈ ਖਾਸ ਪਹਿਲੂਆਂ ਨਾਲ ਪਾਠਕਾਂ ਨੂੰ ਰੂਬ-ਰੂ ਕਰਵਾਇਆ ਜਾਵੇਗਾ। ਇਸ ਵਿਚ ਸਾਲ 1998 ਵਿਚ ਸ਼ਾਰਜਾਹ ਵਿਚ ਖੇਡੀਆਂ ਗਈਆਂ ਉਨ੍ਹਾਂ ਦੋ ਪਾਰੀਆਂ ਦੀ ਵੀ ਚਰਚਾ ਹੋਵੇਗੀ ਜਿਸ ਵਿਚ ਸਚਿਨ ਨੇ ਸਟੀਵ ਵਾ ਦੀ ਅਗਵਾਈ ਵਾਲੀ ਆਸਟਰੇਲੀਆਈ ਟੀਮ ਖਿਲਾਫ ਲਗਾਤਾਰ ਦੋ ਸੈਂਕੜੇ ਲਗਾ ਕੇ ਟੀਮ ਨੂੰ ਟੂਰਨਾਮੈਂਟ ਵਿਚ ਜਿੱਤ ਦਿਵਾਉਣ ਦਾ ਕੰਮ ਕੀਤਾ ਸੀ।

ਇਹ ਮੈਚ ਸਚਿਨ ਦੇ ਕਰੀਅਰ ਦਾ ਮੁੱਖ ਪੜਾਅ ਸੀ। ਇਸ ਕਾਮਿਕ ਬੁੱਕ ਦੇ ਰਾਹੀਂ ਪਾਠਕਾਂ ਨੂੰ ਉਨ੍ਹਾਂ ਦੇ ਜੀਵਨ ਦੇ ਕੁੱਝ ਹੋਰ ਪਲਾਂ ਦੇ ਬਾਰੇ ਵਿੱਚ ਜਾਨਣ ਦਾ ਮੌਕਾ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਸਚਿਨ ਤੇਂਦੁਲਕਰ ਨੂੰ ਮਾਸਟਰ ਬਲਾਸਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਭਾਰਤੀ ਟੀਮ ਦੇ ਲਈ ਸਚਿਨ ਨੇ ਬਹੁਤ ਵਾਰ ਓਪਨਿੰਗ ਕੀਤੀ ਹੈ। ਹੁਣ ਤੱਕ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਅਜੇ ਸਚਿਨ ਤੇਂਦੁਲਕਰ ਹੀ ਹਨ। ਇਸ ਤੋਂ ਇਲਾਵਾ ਵਨਡੇ ਤੇ ਟੈਸਟ ‘ਚ ਸਭ ਤੋਂ ਵੱਧ ਸੈਂਕੜਿਆਂ ਦਾ ਰਿਕਾਰਡ ਵੀ ਮਹਾਨ ਬੱਲੇਬਾਜ ਸਚਿਨ ਤੇਂਦੁਲਕਰ ਦੇ ਨਾਮ ਹੀ ਹੈ।