ਜ਼ਲਦੀ ਹੀ ਏਟੀਐਮ ਤੋਂ ਨਿਕਲਣਗੇ 200 ਰੁਪਏ ਦੇ ਨਵੇਂ ਕਰਾਰੇ ਨੋਟ

ਖਾਸ ਖ਼ਬਰਾਂ

ਰਿਜ਼ਰਵ ਬੈਂਕ 200 ਰੁਪਏ ਦੇ ਨੋਟਾਂ ਦੀ ਸਪਲਾਈ ਵਧਾ ਰਿਹਾ ਹੈ ਅਤੇ ਇਸ ਲਈ ਉਸ ਨੇ ਬੈਂਕਾਂ ਨੂੰ ਏ. ਟੀ. ਐੱਮ. 'ਚ ਬਦਲਾਅ ਕਰਨ ਨੂੰ ਕਿਹਾ ਹੈ। ਸੂਤਰਾਂ ਮੁਤਾਬਕ, ਆਰ. ਬੀ. ਆਈ. ਦੇ ਹੁਕਮ 'ਤੇ ਅਮਲ ਲਈ ਬੈਂਕਿੰਗ ਇੰਡਸਟਰੀ ਨੂੰ 1000 ਕਰੋੜ ਰੁਪਏ ਤੋਂ ਵਧ ਰਕਮ ਖਰਚ ਕਰਨੀ ਪੈ ਸਕਦੀ ਹੈ। 

ਬੈਂਕਾਂ 'ਤੇ ਇਹ ਬੋਝ ਅਜਿਹੇ ਸਮੇਂ ਪੈਣ ਵਾਲਾ ਹੈ, ਜਦੋਂ ਉਹ ਐੱਨ. ਪੀ. ਏ. ਨਾਲ ਕਾਫੀ ਪ੍ਰੇਸ਼ਾਨ ਹਨ। ਸੂਤਰਾਂ ਨੇ ਦੱਸਿਆ ਕਿ ਆਰ. ਬੀ. ਆਈ. ਨੇ ਬੈਂਕਾਂ ਅਤੇ ਏ. ਟੀ. ਐੱਮ. ਨਿਰਮਾਣ ਕਰਤਾਵਾਂ ਨੂੰ ਕਿਹਾ ਹੈ ਕਿ ਉਹ ਜਲਦ ਤੋਂ ਜਲਦ 200 ਰੁਪਏ ਦੇ ਨੋਟਾਂ ਲਈ ਏ. ਟੀ. ਐੱਮ. 'ਚ ਬਦਲਾਅ ਕਰਨ। 

ਉਨ੍ਹਾਂ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ 'ਚ 5-6 ਮਹੀਨੇ ਲੱਗ ਸਕਦੇ ਹਨ। ਦੇਸ਼ 'ਚ ਕੁੱਲ 2.2 ਲੱਖ ਏ. ਟੀ. ਐੱਮ. ਹਨ। 200 ਰੁਪਏ ਦੇ ਨਵੇਂ ਨੋਟਾਂ ਲਈ ਇਨ੍ਹਾਂ ਸਾਰੇ ਏ. ਟੀ. ਐੱਮ. 'ਚ ਬਦਲਾਅ ਕਰਨ 'ਚ ਤਕਰੀਬਨ 6 ਮਹੀਨਿਆਂ ਦਾ ਵਕਤ ਲੱਗ ਸਕਦਾ ਹੈ। 

ਏ. ਟੀ. ਐੱਮ. ਇੰਡਸਟਰੀ ਦੇ ਦਿੱਗਜ ਐੱਲ. ਐਂਟਨੀ ਨੇ ਦੱਸਿਆ ਕਿ ਏ. ਟੀ. ਐੱਮ. 'ਚ ਬਦਲਾਅ ਦੀ ਅਜੇ ਸ਼ੁਰੂਆਤ ਹੀ ਹੋਈ ਹੈ। ਹਿਤਾਚੀ ਪੇਮੈਂਟ ਸਰਵਿਸਿਜ਼ ਦੇ ਐੱਮ. ਡੀ. ਨੇ ਕਿਹਾ ਕਿ ਇਸ ਵਾਰ ਪੂਰੀ ਯੋਜਨਾ ਦੇ ਨਾਲ ਏ. ਟੀ. ਐੱਮ. 'ਚ ਬਦਲਾਅ ਕੀਤਾ ਜਾਵੇਗਾ। 

ਪਹਿਲਾਂ ਅਸੀਂ ਏ. ਟੀ. ਐੱਮ. ਕਲਸਟਰ ਦੀ ਪਛਾਣ ਕਰਾਂਗੇ ਅਤੇ ਉਸ ਦੇ ਬਾਅਦ ਉਨ੍ਹਾਂ 'ਚ 200 ਰੁਪਏ ਦੇ ਨੋਟ ਲਈ ਜ਼ਰੂਰੀ ਬਦਲਾਅ ਕੀਤੇ ਜਾਣਗੇ। ਜੇਕਰ ਜਲਦਬਾਜ਼ੀ 'ਚ ਇਹ ਕੰਮ ਕੀਤਾ ਜਾਂਦਾ ਹੈ ਤਾਂ ਇਸ ਨਾਲ ਲਾਗਤ ਅੰਦਾਜ਼ੇ ਤੋਂ ਜ਼ਿਆਦਾ ਹੋ ਸਕਦੀ ਹੈ। ਹਾਲਾਂਕਿ, ਅਸੀਂ ਪੂਰੀ ਯੋਜਨਾ ਦੇ ਨਾਲ ਇਹ ਕੰਮ ਕਰਨ ਜਾ ਰਹੇ ਹਾਂ।