ਜ਼ਮੀਨੀ ਝਗੜੇ ਕਾਰਨ ਚੱਲੀਆਂ ਗੋਲੀਆਂ, ਜ਼ਖਮੀਆਂ 'ਚ ਔਰਤ ਵੀ ਸ਼ਾਮਿਲ

ਖਾਸ ਖ਼ਬਰਾਂ

ਮਾਨਸਾ ਜ਼ਿਲ੍ਹੇ ਦੇ ਪਿੰਡ ਦਾਤੇਵਾਸ ਵਿੱਚ ਛਪੰਜਾ ਕਨਾਲਾਂ ਪੰਚਾਇਤੀ ਜਮੀਨ ਦਾ ਅਦਾਲਤ ਵਿੱਚ ਮਾਮਲਾ ਵਿਚਾਰਧੀਨ ਹੈ ਤੇ ਇਸ ਜਮੀਨ ਤੇ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਪਰਿਵਾਰ ਕਬਜਾ ਹੈ। ਪਰ ਇਸਨੂੰ ਪੰਚਾਇਤੀ ਜਮੀਨ ਹੋਣ ਦੀ ਗੱਲ ਕਹਿ ਕੇ ਇਸ ਤੇ ਪਿੰਡ ਦੀ ਪੰਚਾਇਤ ਦੇ ਮੈਂਬਰ ਗੁਰਜੀਤ ਸਿੰਘ, ਰਣਜੀਤ ਸਿੰਘ ਤੇ 50 ਦੇ ਕਰੀਬ ਹੋਰ ਵਿਅਕਤੀਆਂ ਵੱਲੋਂ ਇਸ ਜਮੀਨ ਦਾ ਕਬਜਾ ਲੈਣ ਦੀ ਕੋਸ਼ਿਸ਼ ਕੀਤੀ ਗਈ। 

ਜਿਸ ਦੌਰਾਨ ਦੋਹਾਂ ਪਾਸਿਉਂ ਚੱਲੀਆਂ ਗੋਲੀਆਂ ਵਿੱਚ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਦਾ ਪੁੱਤਰ ਬਿਕਰਮਜੀਤ ਸਿੰਘ ਅਤੇ ਖੇਤ ਵਿਚ ਕੰਮ ਕਰਦੀ ਸੁਰਜੀਤ ਕੌਰ ਜਖ਼ਮੀ ਹੋ ਗਏ। ਜਿੰਨ੍ਹਾਂ ਨੂੰ ਬੁੱਢਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਜਿੱਥੋਂ ਉਹਨਾਂ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਸਿਵਲ ਹਸਪਤਾਲ ਮਾਨਸਾ ਵਿਚ ਦਾਖ਼ਲ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਜ਼ਮੀਨ ਦਾ ਮਾਮਲਾ ਮਾਨਯੋਗ ਅਦਾਲਤ ਵਿਚ ਚੱਲਦਾ ਹੈ, ਪਰ ਕੁਝ ਵਿਅਕਤੀ ਇਸ 'ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ।

 ਉਨ੍ਹਾਂ ਕਿਹਾ ਕਿ ਇਸੇ ਨੀਅਤ ਨਾਲ ਕੁਝ ਵਿਅਕਤੀ ਜ਼ਮੀਨ ਵਿਚ ਆਏ ਅਤੇ ਉਨ੍ਹਾਂ ਨੇ ਡਾਂਗਾ ਨਾਲ ਉਨ੍ਹਾਂ 'ਤੇ ਹਮਲਾ ਕਰਕੇ ਫਾਇਰਿੰਗ ਕਰ ਦਿੱਤੀ। ਉੱਧਰ, ਦੂਜੇ ਪਾਸੇ ਗੋਲੀ ਲੱਗਣ ਨਾਲ ਜਖਮੀਂ ਹੋਏ ਤੇ ਬੁੱਢਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਪੰਚਾਇਤ ਮੈਂਬਰ ਗੁਰਜੀਤ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਪੂਰਨ ਤੌਰ 'ਤੇ ਪੰਚਾਇਤੀ ਹੈ। ਜਦ ਉਹ ਜ਼ਮੀਨ ਦਾ ਕਬਜ਼ਾ ਲੈਣ ਗਏ ਤਾਂ ਸਾਬਕਾ ਵਿਧਾਇਕ ਤੇ ਉਸ ਦੇ ਪੁੱਤਰ ਨੇ ਗੱਡੀ ਵਿਚ ਅਸਲਾ ਕੱਢ ਕੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ । 

 ਜਿਸ ਵਿਚ ਉਹ ਜ਼ਖਮੀ ਹੋ ਗਏ। ਦੋਵਾਂ ਧਿਰਾਂ ਵਿਚਕਾਰ ਚੱਲੀ ਗੋਲੀ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਸਦਰ ਬੁਢਲਾਡਾ ਦੇ ਮੁਖੀ ਜਗਤਾਰ ਸਿੰਘ ਨੇ ਦੱਸਿਆ ਕਿ ਜਮੀਨੀ ਮਾਮਲੇ ਵਿੱਚ ਹੋਏ ਵਿਵਾਦ ਵਿੱਚ ਹੋਈ ਫਾਇਰਿੰਗ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।