ਭਾਰਤ ਵਿਚ ਜਿਥੇ ਭਾਜਪਾ ਹਿੰਦੂਤਵ ਨੂੰ ਬਚਾਉਣ ਅਤੇ ਪ੍ਰਫੁਲਿਤ ਕਰਨ ਦੀ ਗੱਲ ਕਰਦੀ ਹੈ ਉਥੇ ਹੀ ਹਿੰਦੂ ਧਰਮ ਨਾਲ ਸੰਬੰਧ ਰੱਖਣ ਵਾਲੇ ਕੁਝ ਮਹਾਨ ਸੰਤ ਹੀ ਹਿੰਦੂਤਵ ਨੂੰ ਨੁਕਸਾਨ ਪਹੁੰਚਾਉਣ ਲਈ ਭਾਜਪਾ 'ਤੇ ਦੋਸ਼ ਲਗਾ ਰਹੇ ਹਨ | ਸ਼ੰਕਰਾਚਾਰੀਆ ਸਵਰੂਪਾਨੰਦ ਸਰਸਵਤੀ ਨੇ ਕਿਹਾ ਹੈ ਕਿ ਬੀਤੇ ਕੁੱਝ ਸਾਲਾਂ ਵਿਚ ਜੇ ਹਿੰਦੂਤਵ ਨੂੰ ਸੱਭ ਤੋਂ ਜ਼ਿਆਦਾ ਕਿਸੇ ਨੇ ਨੁਕਸਾਨ ਪਹੁੰਚਾਇਆ ਹੈ ਤਾਂ ਉਹ ਭਾਜਪਾ ਅਤੇ ਆਰਐਸਐਸ ਹਨ। ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਉਤੇ ਵਾਰ ਕਰਦਿਆਂ ਸ਼ੰਕਰਾਚਾਰੀਆ ਨੇ ਕਿਹਾ ਕਿ ਭਾਗਵਤ ਨੂੰ ਹਿੰਦੂਤਵ ਬਾਰੇ ਕੁੱਝ ਨਹੀਂ ਪਤਾ। ਸ਼ੰਕਰਾਚਾਰੀਆ ਨੇ ਹਿੰਦੂਤਵ ਸਬੰਧੀ ਭਾਗਵਤ ਦੀ ਸਮਝ 'ਤੇ ਕਈ ਸਵਾਲ ਖੜੇ ਕੀਤੇ। ਸਵਰੂਪਾਨੰਦ ਸਰਸਵਤੀ ਨੇ ਕਿਹਾ ਕਿ ਭਾਗਵਤ ਕਹਿੰਦੇ ਹਨ ਕਿ ਹਿੰਦੂਆਂ ਵਿਚ ਵਿਆਹ ਇਕ ਸਮਝੌਤਾ ਹੈ ਜਦਕਿ ਅਜਿਹਾ ਨਹੀਂ ਹੈ, ਵਿਆਹ ਪੂਰੀ ਜ਼ਿੰਦਗੀ ਦਾ ਸਾਥ ਹੈ। ਸ਼ੰਕਰਾਚਾਰੀਆ ਨੇ ਅੱਗੇ ਕਿਹਾ ਕਿ ਮੋਹਨ ਭਾਗਵਤ ਕਹਿੰਦੇ ਹਨ ਕਿ ਜੋ ਲੋਕ ਭਾਰਤ ਵਿਚ ਪੈਦਾ ਹੋਏ, ਉਹ ਹੀ ਹਿੰਦੂ ਹਨ। ਉਨ੍ਹਾਂ ਭਾਗਵਤ ਨੂੰ ਸਵਾਲ ਪੁਛਿਆ ਕਿ ਅਜਿਹੇ ਵਿਚ ਅਮਰੀਕਾ ਅਤੇ ਇੰਗਲੈਂਡ ਵਿਚ ਹਿੰਦੂ ਮਾਤਾ-ਪਿਤਾ ਤੋਂ ਪੈਦਾ ਹੋਏ ਲੋਕਾਂ ਨੂੰ ਕੀ ਕਹਿਣਗੇ? ਸ਼ੰਕਰਾਚਾਰੀਆ ਸਵਰੂਪਾਨੰਦ ਸਰਸਵਤੀ ਨੇ ਬੀਫ਼ ਦੇ ਮੁੱਦੇ 'ਤੇ ਕਿਹਾ ਕਿ ਇਕ ਪਾਸੇ ਭਾਜਪਾ ਗਊ ਹਤਿਆ ਦਾ ਵਿਰੋਧ ਕਰਦੀ ਹੈ ਅਤੇ ਬੀਫ਼ ਦੇ ਨਿਰਯਾਤ ਨੂੰ ਦੇਸ਼ ਦੇ ਅਕਸ ਉਤੇ ਧੱਬਾ ਦਸਦੀ ਹੈ, ਉਥੇ ਹੀ ਦੂਜੇ ਪਾਸੇ ਉਸ ਦੇ ਨੇਤਾ ਹੀ ਬੀਫ਼ ਦਾ ਨਿਰਯਾਤ ਕਰਦੇ ਹਨ ਜੋ ਭਾਜਪਾ ਦੇ ਦੋਹਰੇ ਚਰਿੱਤਰ ਨੂੰ ਦਰਸਾਉਦਾ ਹੈ। ਸ਼ੰਕਰਾਚਾਰੀਆ ਨੇ ਕਿਹਾ ਕਿ ਭਾਜਪਾ ਦੇ ਨੇਤਾ ਸੱਭ ਤੋਂ ਜ਼ਿਆਦਾ ਬੀਫ਼ ਦੇ ਨਿਰਯਾਤਕ ਹਨ। ਸ਼ੰਕਰਾਚਾਰੀਆ ਨੇ ਕਿਹਾ ਕਿ 2014 ਦੇ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਦੇਸ਼ ਦੀ ਜਨਤਾ ਨਾਲ ਭਾਜਪਾ ਅਤੇ ਉਸ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰੇਂਦਰ ਮੋਦੀ ਨੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ।
ਭਾਜਪਾ ਦੇ ਦੋਹਰੇ ਚਰਿੱਤਰ ਦਾ ਹੋਇਆ ਪਰਦਾਫਾਸ਼, ਭਾਜਪਾ ਨੇਤਾ ਬੀਫ ਦੇ ਨਿਰਯਾਤਕ : ਸ਼ੰਕਰਾਚਾਰੀਆ
ਭਾਜਪਾ ਦੇ ਦੋਹਰੇ ਚਰਿੱਤਰ ਦਾ ਹੋਇਆ ਪਰਦਾਫਾਸ਼, ਭਾਜਪਾ ਨੇਤਾ ਬੀਫ ਦੇ ਨਿਰਯਾਤਕ : ਸ਼ੰਕਰਾਚਾਰੀਆ