ਪੰਜਾਬ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਠਾਨਕੋਟ ਤੋਂ ਦਿੱਲੀ ਜਾਣ ਵਾਲੀ ਪਹਿਲੀ ਫਲਾਈਟ ਨੂੰ ਹਰੀ ਝੰਡੀ ਦੇ ਦਿਤੀ ਹੈ | ਇਹ ਫਲਾਇਟ ਹਫਤੇ ਵਿਚ ਤਿੰਨ ਦਿਨ ਸੋਮਵਾਰ, ਮੰਗਲਵਾਰ ਅਤੇ ਵੀਰਵਾਰ ਚਲੇਗੀ | ਇਸ ਫਲਾਇਟ ਦੇ ਚਲਣ ਨਾਲ ਜਿਥੇ ਯਾਤਰੀਆਂ ਨੂੰ ਸੁਵਿਧਾ ਹੋਈ ਹੈ, ਉਥੇ ਹੀ ਭਾਜਪਾ ਅਤੇ ਕਾਂਗਰਸ ਦੇ ਨੁਮਾਇੰਦੇ ਵਿਕਾਸ ਦੀ ਇਸ ਰਾਹ 'ਤੇ ਆਪਣੇ ਆਪਣੇ ਨਾਮ ਦਾ ਢੋਲ ਵਜਾ ਰਹੇ ਹਨ | ਇਸ ਫਲਾਇਟ ਨੂੰ ਹਰੀ ਝੰਡੀ ਦੇ ਸਮਾਗਮ ਦੌਰਾਨ ਭਾਜਪਾ ਦੇ ਸ਼ਵੇਤ ਮਲਿਕ, ਵਿਜੈ ਸਾਂਪਲਾ ਅਤੇ ਹੋਰ ਕਈ ਆਗੂ ਮੌਜੂਦ ਰਹੇ | ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਇਹ ਫਲਾਈਟ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ | ਮਲਿਕ ਨੇ ਪੰਜਾਬ ਸਰਕਾਰ 'ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਸਵਾ ਸਾਲ ਦੌਰਾਨ ਕੁਝ ਵੀ ਨਹੀਂ ਕੀਤਾ |
ਉਧਰ ਪਠਾਨਕੋਟ ਤੋਂ ਕਾਂਗਰਸ ਵਿਧਾਇਕ ਅਮਿਤ ਵਿਜ ਨੇ ਭਾਜਪਾ ਦੀ ਬਿਆਨਬਾਜ਼ੀ ਨੂੰ ਨਕਾਰਦੇ ਹੋਏ ਕਿਹਾ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਠਾਨਕੋਟ ਵਿਚ ਵਿਕਾਸ ਦਾ ਪਹਿਲਾ ਥੰਮ ਸਥਾਪਿਤ ਕਰ ਦਿੱਤਾ ਹੈ | ਇਸਦੇ ਨਾਲ ਹੀ ਅਮਿਤ ਵਿਜ ਨੇ ਪਠਾਨਕੋਟ ਹਲਕੇ ਦੇ ਨਿਵਾਸੀਆਂ ਨੂੰ ਮੁਬਾਰਕਬਾਦ ਵੀ ਦਿੱਤੀ|
ਦੱਸਣਯੋਗ ਹੈ ਕਿ ਪਠਾਨਕੋਟ ਸਿਵਲ ਏਅਰਪੋਰਟ 2007 ਵਿਚ ਸ਼ੁਰੂ ਹੋਇਆ ਸੀ, ਪਰ ਕਈ ਕਾਰਨਾਂ ਕਰਕੇ ਇਹ ਏਅਰਪੋਰਟ ਕਾਫੀ ਸਮਾਂ ਬੰਦ ਰਿਹਾ | ਹੁਣ ਦੋਬਾਰਾ ਤੋਂ ਸ਼ੁਰੂ ਹੋਏ ਇਸ ਏਅਰਪੋਰਟ ਅਤੇ ਇਸ ਪਹਿਲੀ ਫਲਾਇਟ ਨਾਲ ਆਮ ਜਨਤਾ ਨੂੰ ਕਾਫੀ ਸੁਵਿਧਾ ਹੋਵੇਗੀ | ਯਾਤਰੀ ਤਕਰੀਬਨ ਇੱਕ ਘੰਟੇ ਵਿਚ ਪਠਾਨਕੋਟ ਤੋਂ ਦਿੱਲੀ ਪਹੁੰਚ ਜਾਇਆ ਕਰਨਗੇ |