ਤ੍ਰਿਪੁਰਾ ਦੇ ਨੌਜਵਾਨ ਅਤੇ ਨਵੇਂ ਚੁਣੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਨੇ ਇੰਟਰਨੈੱਟ ਨੂੰ ਲੈ ਕੇ ਅਜੀਬੋ-ਗਰੀਬ ਬਿਆਨ ਦਿੱਤਾ ਹੈ। ਬਿਪਲਬ ਨੇ ਦਾਅਵਾ ਕੀਤਾ ਕਿ ਇੰਟਰਨੈੱਟ ਆਧੁਨਿਕ ਖੋਜ ਨਹੀਂ ਹੈ, ਸਗੋਂ ਇਸ ਦਾ ਮਹਾਭਾਰਤ ਕਾਲ ਤੋਂ ਹੀ ਇਸਤੇਮਾਲ ਹੋ ਰਿਹਾ ਹੈ। ਗੁਹਾਟੀ 'ਚ ਇਕ ਜਨਤਕ ਪ੍ਰੋਗਰਾਮ ਦੌਰਾਨ ਦੇਵ ਨੇ ਕਿਹਾ ਕਿ ਭਾਰਤ ਯੁੱਗਾਂ ਤੋਂ ਇੰਟਰਨੈੱਟ ਦੀ ਵਰਤੋਂ ਕਰ ਰਿਹਾ ਹੈ। ਦੇਵ ਨੇ ਕਿਹਾ ਕਿ ਮਹਾਭਾਰਤ ਦੌਰਾਨ ਨੇਤਰਹੀਣ ਧ੍ਰਿਤਰਾਸ਼ਟਰ ਨੂੰ ਸੰਜੇ ਨੇ ਯੁੱਧ ਮੈਦਾਨ ਦਾ ਪੂਰਾ ਹਾਲ ਸੁਣਾਇਆ ਸੀ ਅਤੇ ਇਹ ਬਿਨਾਂ ਇੰਟਰਨੈੱਟ ਅਤੇ ਤਕਨਾਲੋਜੀ ਦੇ ਸੰਭਵ ਨਹੀਂ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਸ ਸਮੇਂ ਸੈਟੇਲਾਈਟ ਵੀ ਮੌਜੂਦ ਸਨ।
ਦੇਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਾਰਤ ਨੂੰ ਡਿਜੀਟਲ ਦੀ ਦਿਸ਼ਾ 'ਚ ਅੱਗੇ ਵਧਾਇਆ ਹੈ। ਪ੍ਰਧਾਨ ਮੰਤਰੀ ਨੇ ਫੇਸਬੁੱਕ, ਵਟਸਐੱਪ ਅਤੇ ਟਵਿੱਟਰ ਨੂੰ ਲੋਕਾਂ ਦਰਮਿਆਨ ਪ੍ਰਚਲਿਤ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਦੀ ਪ੍ਰੇਰਨਾ ਨਾਲ ਕੋਈ ਰਾਜਾਂ ਦੇ ਮੁੱਖ ਮੰਤਰੀ ਵੀ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ ਅਤੇ ਸਿੱਧੇ ਲੋਕਾਂ ਨਾਲ ਜੁੜਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਇਕ ਪੁਰਾਣੀ ਸੱਭਿਅਤਾ ਹੈ ਅਤੇ ਤਕਨਾਲੋਜੀ ਦੀ ਵਰਤੋਂ ਸਾਡੇ ਲਈ ਨਵੀਂ ਨਹੀਂ ਹੈ।