ਉੱਤਰ ਪ੍ਰਦੇਸ਼ ਦੇ ਕੁ਼ਸ਼ਨਗਰ ਵਿਚ ਵੀਰਵਾਰ ਨੂੰ ਸਵੇਰੇ ਬੱਸ ਅਤੇ ਟ੍ਰੇਨ ਵਿਚ ਹੋਈ ਭਿਆਨਕ ਟੱਕਰ ਵਿਚ 12 ਸਕੂਲੀ ਬੱਚਿਆਂ ਦੀ ਮੌਤ ਹੋ ਗਈ। ਇਸ ਹਾਦਸੇ ਦੇ ਬਾਅਦ ਤੋਂ ਯੋਗੀ ਅਦਿਤਿਆਨਾਥ ਨੇ ਜਾਂਚ ਦੇ ਆਦੇਸ਼ ਦਿਤੇ ਹਨ ਅਤੇ ਮ੍ਰਿਤਕ ਬੱਚਿਆਂ ਦੇ ਪਰਵਾਰਾਂ ਨੂੰ ਦੋ-ਦੋ ਲੱਖ ਰੁਪਏ ਦਾ ਮੁਆਵਾਜ਼ਾ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਘਟਨਾ ਸਥਾਨ 'ਤੇ ਪਹੁੰਚ ਘਟਨਾ ਦਾ ਜਾਇਜ਼ਾ ਲਿਆ ਅਤੇ ਪੀੜਤ ਪਰਵਾਰਾਂ ਨਾਲ ਦੁੱਖ ਸਾਂਝਾ ਕੀਤਾ। ਦਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮਾਨਵ ਰਹਿਤ ਰੇਲਵੇ ਕ੍ਰਾਸਿੰਗ 'ਤੇ ਵਾਪਰਿਆ ਹੈ। ਇਸ ਮਾਮਲੇ ਵਿਚ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੀ ਤਰ੍ਹਾਂ ਦੀ ਮਦਦ ਦੇਣ ਦਾ ਆਦੇਸ਼ ਦਿਤਾ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 7:20 ਵਜੇ ਹੋਇਆ ਅਤੇ ਇਸ ਹਾਦਸੇ ਵਿਚ 12 ਬੱਚਿਆਂ ਦੀ ਮੌਤ ਤੋਂ ਇਲਾਵਾ 8 ਬੱਚੇ ਜ਼ਖ਼ਮੀ ਵੀ ਹੋਏ ਹਨ। ਦਸਿਆ ਜਾ ਰਿਹਾ ਹੈ ਕਿ ਜਿੱਥੇ ਇਹ ਹਾਦਸਾ ਹੋਇਆ ਹੈ, ਉਥੇ ਗੇਟਮੈਨ ਤਾਇਨਾਤ ਸੀ। ਉਸ ਨੇ ਵੈਨ ਦੇ ਡਰਾਈਵਰ ਨੂੰ ਕ੍ਰਾਸਿੰਗ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਟ੍ਰੇਨ ਆਉਂਦੀ ਦੇਖ ਚਿਤਾਵਨੀ ਦੇਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਵੈਨ ਡਰਾਈਵਰ ਨੇ ਕੰਨਾਂ ਵਿਚ ਹੈੱਡਫ਼ੋਨ ਲਗਾਏ ਹੋਏ ਸਨ, ਜਿਸ ਕਾਰਨ ਉਹ ਉਸ ਦੀ ਆਵਾਜ਼ ਨਹੀਂ ਸੁਣ ਸਕਿਆ। ਡਰਾਈਵਰ ਦੀਲਾਪ੍ਰਵਾਹੀ ਨਾਲ ਇਹ ਹਾਦਸਾ ਵਾਪਰ ਗਿਆ। ਡਰਾਈਵਰ ਨੂੰ ਸੀਵਾਨ ਵਲੋਂ ਆ ਰਹੇ 55075 ਅਪ ਰੇਲ ਦੇ ਇੰਨੇ ਨੇੜੇ ਆਉਣ ਦਾ ਅਹਿਸਾਸ ਹੀ ਨਹੀਂ ਹੋਇਆ ਅਤੇ ਦੇਖਦੇ ਹੀ ਦੇਖਦੇ ਸਕੂਲੀ ਵੈਨ ਰੇਲ ਨਾਲ ਜਾ ਟਕਰਾਈ।
ਰੇਲ ਮੰਤਰੀ ਪਿਊਸ਼ ਗੋਇਲ ਨੇ ਵੀ ਇਸ ਹਾਦਸੇ 'ਤੇ ਟਵੀਟ ਕਰ ਕੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਲਿਖਿਆ ਕਿ ਕੁਸ਼ੀਨਗਰ ਵਿਚ ਹੋਏ ਹਾਦਸੇ ਵਿਚ ਸਕੂਲੀ ਬੱਚਿਆਂ ਦੀ ਮੌਤ ਦਾ ਦੁਖਦ ਸਮਾਚਾਰ ਮਿਲਿਆ। ਮੈਂ ਸੀਨੀਅਰ ਅਧਿਕਾਰੀਆਂ ਵਲੋਂ ਹਾਦਸੇ ਦੀ ਜਾਂਚ ਦੇ ਨਿਰਦੇਸ਼ ਦਿਤੇ ਹਨ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਰੇਲਵੇ ਵਲੋਂ ਦੋ-ਦੋ ਲੱਖ ਰੁਪਏ ਦੀ ਸਹਾਇਤਾ ਦਿਤੀ ਜਾਵੇਗੀ। ਇਹ ਉੱਤਰ ਪ੍ਰਦੇਸ਼ ਸਰਕਾਰ ਵਲੋਂ ਦਿਤੀ ਜਾ ਰਹੀ ਦੋ ਲੱਖ ਰੁਪਏ ਦੀ ਸਹਾਇਤਾ ਤੋਂ ਵੱਖ ਹੋਵੇਗੀ।
ਦਸ ਦਈਏ ਕਿ ਯੂਪੀ ਵਿਚ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਹਾਦਸੇ ਸਾਹਮਣੇ ਆਉਂਦੇ ਰਹੇ ਹਨ। 2016 ਵਿਚ ਭਦੋਹੀ ਦੇ ਕੋਲ ਬੱਚਿਆਂ ਨਾਲ ਭਰੀ ਸਕੂਲੀ ਵੈਨ ਰੇਲ ਦੀ ਚਪੇਟ ਵਿਚ ਆ ਗਈ ਸੀ। ਇਸ ਹਾਦਸੇ ਵਿਚ 10 ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਉਸ ਵੈਨ ਵਿਚ ਕਰੀਬ 19 ਬੱਚੇ ਸਵਾਰ ਸਨ। ਉਸ ਸਮੇਂ ਹਾਦਸੇ ਦੀ ਵਜ੍ਹਾ ਸਕੂਲ ਵੈਨ ਦੇ ਡਰਾਈਵਰ ਦੀ ਲਾਪ੍ਰਵਾਹੀ ਨੂੰ ਦਸਿਆ ਗਿਆ ਸੀ। ਪੁਲਿਸ ਨੇ ਫਿ਼ਲਹਾਲ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
ਇਸ ਦੇ ਨਾਲ ਹੀ ਦਿੱਲੀ ਦੇ ਕੇਸ਼ਵਪੁਰਮ ਇਲਾਕੇ ਵਿਚ ਵੀ ਇਕ ਸਕੂਲ ਵੈਨ ਦਾ ਐਕਸੀਡੈਂਟ ਹੋ ਗਿਆ, ਜਿਸ ਵਿਚ 15-16 ਸਕੂਲੀ ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਹਾਦਸਾ ਤੇਜ਼ ਰਫ਼ਤਾਰ ਟੈਂਪੂ ਅਤੇ ਸਕੂਲ ਵੈਨ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ।