ਪਿਛਲੇ ਕੁੱਝ ਦਿਨਾਂ ਤੋਂ ਦੇਸ਼ ਦੇ ਕੁੱਝ ਸਥਾਨਾਂ 'ਤੇ ਬਾਂਦਰਾਂ ਵਲੋਂ ਆਤੰਕ ਮਚਾਏ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ.....ਜਿਸ ਵਿਚ ਬਾਂਦਰਾਂ ਨੇ ਕਈ ਲੋਕਾਂ ਨੂੰ ਅਪਣੇ ਹਮਲਿਆਂ ਦਾ ਸ਼ਿਕਾਰ ਬਣਾਇਆ ਏ। ਹੁਣ ਇਨ੍ਹਾਂ ਬਾਂਦਰਾਂ ਦਾ ਆਤੰਕ ਆਗਰਾ 'ਚ ਸਥਿਤ ਵਿਸ਼ਵ ਦੇ ਪ੍ਰਸਿੱਧ ਸੈਲਾਨੀ ਸਥਾਨ ਤਾਜ਼ ਮਹਿਲ ਵਿਚ ਵੀ ਦੇਖਣ ਨੂੰ ਮਿਲਿਆ ਏ.....ਜਿੱਥੇ ਬਾਂਦਰਾਂ ਨੇ ਇਕ ਫ਼ਰਾਂਸ ਦੀ ਇਕ ਸੈਲਾਨੀ ਔਰਤ ਅਤੇ ਇਕ ਹੋਰ ਨੂੰ ਹਮਲਾ ਕਰ ਕੇ ਜ਼ਖ਼ਮੀ ਕਰ ਦਿਤਾ ਏ।
ਬਾਂਦਰਾਂ ਦੇ ਹਮਲੇ ਨਾਲ ਦੋਹਾਂ ਸੈਲਾਨੀਆਂ ਦੇ ਪੈਰਾਂ ਵਿਚੋਂ ਖੂਨ ਨਿਕਲਣਾ ਲੱਗ ਪਿਆ....ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰਤ ਇਲਾਜ ਮੁਹੱਈਆ ਕਰਵਾਇਆ ਗਿਆ ਅਤੇ ਸੁਰੱਖਿਆ ਕਰਮਚਾਰੀਆਂ ਨੇ ਬਾਂਦਰਾਂ ਨੂੰ ਭਜਾਇਆ।
ਦਸ ਦਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਗੁਜਰਾਤ ਦੇ ਨਵਸਾਰੀ ਵਿਚ ਬਾਂਦਰਾਂ ਦਾ ਆਤੰਕ ਸੀਸੀਟੀਵੀ ਕੈਮਰੇ ਵਿਚ ਕੈਦ ਹੋਇਆ ਸੀ। ਜਿਸ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਇਕ ਲੰਗੂਰ ਸੜਕ 'ਤੇ ਜਾ ਰਹੀ ਬਜ਼ੁਰਗ ਮਹਿਲਾ ਨੂੰ ਧੱਕਾ ਮਾਰ ਕੇ ਮੂਧੇ ਮੂੰਹ ਸੁੱਟ ਦਿੰਦਾ ਏ....ਇਸੇ ਤਰ੍ਹਾਂ ਦੂਜੀ ਫੁਟੇਜ ਵਿਚ ਇਕ ਲੰਗੂਰ ਮੋਟਰਸਾਈਕਲ 'ਤੇ ਜਾ ਰਹੇ ਵਿਅਕਤੀ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੰਦਾ ਏ....ਫਿ਼ਲਹਾਲ ਨਵਸਾਰੀ 'ਚ ਇਨ੍ਹਾਂ ਘਟਨਾਵਾਂ ਤੋਂ ਬਾਅਦ ਵਣ ਵਿਭਾਗ ਅਤੇ ਐਨਜੀਓ ਜ਼ਰੀਏ ਬਾਂਦਰਾਂ ਨੂੰ ਫੜਨ ਦੀ ਕਾਰਵਾਈ ਸ਼ੁਰੂ ਕਰ ਦਿਤੀ ਏ.......ਪਰ ਤਾਜ਼ ਮਹਿਲ ਵਰਗੇ ਅਹਿਮ ਸਥਾਨ 'ਤੇ ਬਾਂਦਰਾ ਵਲੋਂ ਇਸ ਤਰ੍ਹਾਂ ਸੈਲਾਨੀਆਂ 'ਤੇ ਹਮਲਾ ਕਰਨਾ ਸੁਰੱਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹਾ ਕਰਦਾ ਏ।
ਬਾਂਦਰਾਂ ਦੇ ਇਸ ਹਮਲੇ ਨਾਲ ਹੋਰ ਸੈਲਾਨੀਆਂ ਵਿਚ ਵੀ ਖੌਫ਼ ਦਾ ਮਾਹੌਲ ਪੈਦਾ ਹੋ ਗਿਆ ਏ.....ਕਿਉਂਕਿ ਤਾਜ ਮੁੱਖ ਮਕਬਰੇ ਦੇ ਆਸਪਾਸ ਅਤੇ ਹੋਰ ਸਥਾਨਾਂ 'ਤੇ ਬਾਂਦਰਾਂ ਦਾ ਝੁੰਡ ਅਕਸਰ ਘੁੰਮਦਾ ਰਹਿੰਦਾ ਏ....ਜੇਕਰ ਬਾਂਦਰਾਂ ਨੂੰ ਲੈ ਕੇ ਇਸ ਤਰ੍ਹਾਂ ਦੇ ਨਾਕਸ ਸੁਰੱਖਿਆ ਪ੍ਰਬੰਧ ਰਹੇ ਤਾਂ ਇਸ ਨਾਲ ਸੈਲਾਨੀਆਂ ਦੀ ਆਮਦ 'ਤੇ ਵੀ ਮਾੜਾ ਅਸਰ ਪੈ ਸਕਦਾ ਏ।