ਸੰਗਰੂਰ ਪੁਲਿਸ ਨੇ ਇਕ ਸ਼ਾਤਿਰ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ, ਜੋ ਆਪਣੇ ਗੈਂਗ ਦੇ ਦੂਜੇ ਮੈਂਬਰਾਂ ਦੇ ਨਾਲ ਮਿਲ ਕੇ ਲੋਕਾਂ 'ਤੇ ਬਲਾਤਕਾਰ ਕਰਨ ਦਾ ਪਹਿਲਾਂ ਤਾਂ ਦੋਸ਼ ਲਗਾਉਂਦੀ ਹੈ ਤੇ ਫਿਰ ਉਨ੍ਹਾਂ ਨੂੰ ਪੁਲਿਸ ਦਾ ਡਰ ਦੇ ਕੇ ਲੱਖਾਂ ਰੁਪਏ ਠੱਗਦੀ ਸੀ। ਪੁਲਿਸ ਮੁਤਾਬਕ ਇਹ ਮਹਿਲਾ ਹੁਣ ਤਕ ਚਾਰ ਲੋਕਾਂ ਦੇ ਖਿਲਾਫ ਵੱਖ-ਵੱਖ ਥਾਣਿਆਂ 'ਚ ਬਲਾਤਕਾਰ ਦੇ ਮਾਮਲੇ ਦਰਜ ਕਰਵਾ ਚੁੱਕੀ ਹੈ, ਜਦ ਕਿ ਕਈਆਂ ਨੂੰ ਇਸ ਨੇ ਥਾਣੇ ਦੇ ਬਾਹਰ ਹੀ ਪੈਸੇ ਲੈ ਕੇ ਛੱਡ ਦਿੱਤਾ।
ਉਧਰ ਸੰਗਰੂਰ ਸਿਟੀ ਪੁਲਸ ਦੇ ਇੰਸਪੈਕਟਰ ਵਿਨੋਦ ਕੁਮਾਰ ਮੁਤਾਬਕ ਇਸ ਮਹਿਲਾ ਦੇ ਕਾਰਨਾਮੇ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਸੰਗਰੂਰ ਹਸਪਤਾਲ 'ਚ ਦਾਖਲ ਹੋਈ ਇਸ ਮਹਿਲਾ ਨੇ ਇਕ ਵਿਅਕਤੀ 'ਤੇ ਬਲਾਤਕਾਰ ਦਾ ਦੋਸ਼ ਲਗਾਉਂਦੇ ਹੋਏ ਥਾਣੇ 'ਚ ਸ਼ਿਕਾਇਤ ਕੀਤੀ ਪਰ ਉਸ ਤੋਂ ਬਾਅਦ ਉਹ ਆਪਣੇ ਬਿਆਨ ਦਰਜ ਕਰਵਾਉਣ ਤੋਂ ਟਲਦੀ ਰਹੀ। ਆਖਿਰਕਾਰ ਜਦੋਂ ਇਸ ਮਹਿਲਾ ਬਾਰੇ ਗੰਭੀਰਤਾ ਨਾਲ ਪੜਤਾਲ ਕੀਤੀ ਗਈ ਤਾਂ ਇਸ ਦੀ ਜਾਲਸਾਜ਼ੀ ਸਾਹਮਣੇ ਆ ਗਈ।