ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਦੋਸ਼ੀ ਹਰਮਿੰਦਰ ਸਿੰਘ ਮਿੰਟੂ ਦਾ ਜੱਦੀ ਪਿੰਡ ਡੱਲੀ ਵਿਖੇ ਅੰਤਮ ਸਸਕਾਰ ਕੀਤਾ ਗਿਆ | ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਪਟਿਆਲਾ ਜੇਲ੍ਹ ਵਿਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ | ਅੰਤਮ ਸਸਕਾਰ ਦੇ ਮੌਕੇ ਮਿੰਟੂ ਦੇ ਪਰਵਾਰ ਦੇ ਦੁੱਖ ਵਿਚ ਸ਼ਰੀਕ ਹੋਣ ਪਹੁੰਚੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁਮਾ ਨੇ ਮਿੰਟੂ ਦੀ ਮੌਤ ਦਾ ਜਿੰਮੇਵਾਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਠਹਿਰਾਇਆ ਹੈ | ਧੁਮਾ ਨੇ ਕਿਹਾ ਕਿ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਮਿੰਟੂ ਦੀ ਮੌਤ ਹੋਈ ਹੈ |
ਇਸ ਦੌਰਾਨ ਮਿੰਟੂ ਦੇ ਭਰਾ ਨੇ ਸਤਨਾਮ ਸਿੰਘ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣ ਦੀ ਮੰਗ ਕੀਤੀ ਹੈ, ਸਤਨਾਮ ਸਿੰਘ ਦਾ ਕਹਿਣਾ ਹੈ ਕਿ ਮਿੰਟੂ ਦੀ ਮੌਤ ਦਾ ਸੱਚ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ | ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਹਰਮਿੰਦਰ ਸਿੰਘ ਮਿੰਟੂ ਤੇ ਦਿੱਲੀ ਬੰਬ ਧਮਾਕਾ, ਨਾਭਾ ਜੇਲ੍ਹ ਬ੍ਰੇਕ ਕਾਂਡ ਅਤੇ ਹੋਰ ਕਈ ਮਾਮਲੇ ਦਰਜ ਸਨ | ਪਰ ਪਟਿਆਲਾ ਜੇਲ੍ਹ ਵਿਚ ਬੰਦ ਮਿੰਟੂ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ |