ਸਿੱਖ ਬੀਬੀ ਗੁਰਸੋਚ ਕੌਰ ਨੂੰ ਅਮਰੀਕੀ ਪੁਲਿਸ 'ਚ ਮਿਲਿਆ ਵੱਡਾ ਮਾਣ

ਖ਼ਬਰਾਂ

ਸਿੱਖ ਬੀਬੀ ਗੁਰਸੋਚ ਕੌਰ ਨੂੰ ਅਮਰੀਕੀ ਪੁਲਿਸ 'ਚ ਮਿਲਿਆ ਵੱਡਾ ਮਾਣ

ਅਮਰੀਕਾ ਵਿਚ ਸਿੱਖਾਂ ਨੂੰ ਇਕ ਹੋਰ ਵੱਡੀ ਸਫ਼ਲਤਾ ਹਾਸਲ ਹੋਈ ਏ....ਇੱਥੋਂ ਦੀ ਨਿਊਯਾਰਕ ਪੁਲਿਸ ਵਿਚ ਪਹਿਲੀ ਦਸਤਾਰਧਾਰੀ ਮਹਿਲਾ ਗੁਰਸੋਚ ਕੌਰ ਨੂੰ ਸ਼ਾਮਲ ਕੀਤਾ ਗਿਆ ਏ...ਜਿਸ ਨਾਲ ਸਿੱਖ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਏ। ਗੁਰਸੋਚ ਕੌਰ ਦੇ ਪੁਲਿਸ 'ਚ ਆਉਣ ਨਾਲ ਅਮਰੀਕੀ ਲੋਕਾਂ ਨੂੰ ਸਿੱਖ ਧਰਮ ਨੂੰ ਸਮਝਣ ਅਤੇ ਉਸ ਪ੍ਰਤੀ ਸਹੀ ਧਾਰਨਾ ਬਣਾਉਣ 'ਚ ਮਦਦ ਮਿਲੇਗੀ।

ਗੁਰਸੋਚ ਕੌਰ ਦੀ ਨਿਊਯਾਰਕ ਪੁਲਿਸ ਵਿਚ ਨਿਯੁਕਤੀ 'ਤੇ ਭਾਰਤ ਦੇ ਸ਼ਹਿਰੀ ਵਿਕਾਸ ਮਾਮਲਿਆਂ ਦੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰ ਕੇ ਗੁਰਸੋਚ ਕੌਰ ਨੂੰ ਮੁਬਾਰਕਵਾਦ ਦਿੰਦਿਆਂ ਇਸ ਨੂੰ ਇਕ ਇਤਿਹਾਸਕ ਮੌਕਾ ਦਸਿਆ। ਉਨ੍ਹਾਂ ਕਿ ਉਮੀਦ ਪ੍ਰਗਟਾਈ ਕਿ ਇਸ ਨਾਲ ਅਮਰੀਕੀ ਲੋਕਾਂ ਨੂੰ ਸਿੱਖ ਧਰਮ ਅਤੇ ਇਸ ਦੇ ਪਹਿਰਾਵੇ ਦੀ ਚੰਗੀ ਪਛਾਣ ਹੋਵੇਗੀ। ਇਸ ਦੌਰਾਨ ਉਨ੍ਹਾਂ ਅਪਣੇ ਨਾਲ ਵਾਪਰੀ ਇਕ ਘਟਨਾ ਦਾ ਵੀ ਜ਼ਿਕਰ ਕੀਤਾ, ਜਿਸ ਨਾਲ 2010 'ਚ ਉਨ੍ਹਾਂ ਨੂੰ ਦਸਤਾਰਧਾਰੀ ਹੋਣ 'ਤੇ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੁਰੀ ਦੇ ਟਵੀਟ 'ਤੇ ਪ੍ਰਤੀਕਿਰਿਆ ਦਿਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਦੋਂ ਅਮਰੀਕਾ 'ਚ ਪਹਿਲੀ ਵਾਰ ਇਕ ਦਸਤਾਰਧਾਰੀ ਅਫ਼ਸਰ ਨੂੰ ਦੇਖਿਆ ਸੀ, ਤਦ ਉਹ ਉਸ ਨੂੰ ਮਿਲਣਾ ਚਾਹੁੰਦੇ ਸਨ ਪਰ ਉਹ ਉਸ ਨੂੰ ਡਿਊਟੀ ਦੌਰਾਨ ਤੰਗ ਨਹੀਂ ਕਰਨਾ ਚਾਹੁੰਦੇ ਸਨ, ਇਸ ਲਈ ਮਿਲ ਨਹੀਂ ਸਕੇ।

ਦਸ ਦਈਏ ਕਿ ਅਮਰੀਕਾ ਵੱਲੋਂ 2016 'ਚ ਸਿੱਖਾਂ ਨੂੰ ਸਾਬਤ ਸੂਰਤ ਰੂਪ 'ਚ ਸੇਵਾਵਾਂ ਨਿਭਾਉਣ ਦੀ ਇਜ਼ਾਜ਼ਤ ਦਿਤੇ ਜਾਣ ਮਗਰੋਂ ਕਈ ਸਿੱਖ ਅਮਰੀਕਨ ਪੁਲਿਸ ਵਿਚ ਭਰਤੀ ਹੋਏ ਹਨ ਅਤੇ ਹੁਣ ਪਹਿਲੀ ਦਸਤਾਰਧਾਰੀ ਮਹਿਲਾ ਦੇ ਭਰਤੀ ਹੋਣ 'ਤੇ ਅਮਰੀਕੀ ਸਿੱਖਾਂ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਏ।