
‘ਮੈਂ ਬਹੁਤ ਮਾੜੇ ਹਾਲਾਤ ਵੇਖੇ ਪਰ ਵਿਆਹਾਂ ਵਿਚ ਨਹੀਂ ਨੱਚੀ’
Kangana Ranaut News: ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਅਪਣੇ ਬਿਆਨਾਂ ਨੂੰ ਲੈ ਕੇ ਅਕਸਰ ਵਿਵਾਦਾਂ ਵਿਚ ਰਹਿੰਦੀ ਹੈ। ਹਾਲ ਹੀ ਉਸ ਨੇ ਅਪਣੀ ਇੰਸਟਾਗ੍ਰਾਮ ਸਟੋਰੀ ਵਿਚ ਕੁੱਝ ਅਜਿਹਾ ਸਾਂਝਾ ਕੀਤਾ, ਜਿਸ ਨੂੰ ਲੈ ਕੇ ਫਿਰ ਉਹ ਸੁਰਖੀਆਂ ਵਿਚ ਆ ਗਈ।
ਦਰਅਸਲ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ 'ਚ ਬਾਲੀਵੁੱਡ ਦੀਆਂ ਲਗਭਗ ਸਾਰੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਸ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਅਪਣੀ ਪੇਸ਼ਕਾਰੀ ਨਾਲ ਸਾਰਿਆਂ ਦੇ ਦਿਲ ਜਿੱਤ ਲਏ। ਹਾਲਾਂਕਿ ਕੰਗਨਾ ਰਣੌਤ ਇਸ ਤਿੰਨ ਦਿਨਾਂ ਪ੍ਰੋਗਰਾਮ 'ਚ ਨਹੀਂ ਦਿਖਾਈ ਦਿਤੀ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਯੂਜ਼ਰਸ ਵਲੋਂ ਕਈ ਤਰ੍ਹਾਂ ਦੇ ਤੰਜ਼ ਕੱਸੇ ਗਏ।
ਇਸ ਦੇ ਚਲਦਿਆਂ ਕੰਗਨਾ ਨੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਸ ਨੇ ਅਪਣੇ ਆਪ ਦੀ ਤੁਲਨਾ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਨਾਲ ਕੀਤੀ ਹੈ ਅਤੇ ਗੁਜਰਾਤ ਦੇ ਜਾਮਨਗਰ 'ਚ ਡਾਂਸ ਕਰ ਰਹੇ ਬਾਲੀਵੁੱਡ ਸਿਤਾਰਿਆਂ 'ਤੇ ਤੰਜ਼ ਕੱਸਿਆ।
ਕੰਗਨਾ ਰਣੌਤ ਨੇ ਲਿਖਿਆ, "ਮੈਂ ਬਹੁਤ ਮਾੜੇ ਆਰਥਕ ਹਾਲਾਤ ਦੇਖੇ, ਪਰ ਕਦੇ ਵਿਆਹਾਂ ਵਿਚ ਨਹੀਂ ਨੱਚੀ। ਲਤਾ ਜੀ ਅਤੇ ਮੇਰੇ ਕੋਲ ਵੱਡੇ ਹਿੱਟ ਗੀਤ ਹਨ (ਜਿਵੇਂ- ਫੈਸ਼ਨ ਕਾ ਜਲਵਾ, ਘਨੀ ਬਾਵਰੀ ਹੋ ਗਈ, ਲੰਡਨ ਠੁਮਕਦਾ, ਸਾਡੀ ਗਲੀ ਭਾਵ ਆਦਿ), ਸਾਨੂੰ ਕਿੰਨੇ ਲਾਲਚ ਮਿਲੇ, ਅਸੀਂ ਕਦੇ ਵਿਆਹਾਂ ਵਿਚ ਨੱਚੇ ਨਹੀਂ। ਮੈਨੂੰ ਕਈ ਸੁਪਰਹਿੱਟ ਆਈਟਮ ਗੀਤਾਂ ਦੀ ਪੇਸ਼ਕਸ਼ ਵੀ ਹੋਈ, ਪਰ ਮੈਂ ਨਾਂਹ ਕਰ ਦਿਤੀ। ਮੈਂ ਅਵਾਰਡ ਸ਼ੋਆਂ ਤੋਂ ਵੀ ਦੂਰੀ ਬਣਾ ਲਈ। ਸ਼ੋਹਰਤ ਅਤੇ ਪੈਸੇ ਨੂੰ ਨਾਂਹ ਕਹਿਣ ਲਈ ਮਜ਼ਬੂਤ ਕਿਰਦਾਰ ਅਤੇ ਇੱਜ਼ਤ ਦੀ ਲੋੜ ਹੁੰਦੀ ਹੈ। ਇਸ ਸ਼ਾਰਟਕੱਟ ਦੁਨੀਆਂ ਵਿਚ, ਨੌਜਵਾਨ ਪੀੜ੍ਹੀ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸੱਭ ਤੋਂ ਵੱਡੀ ਦੌਲਤ ਈਮਾਨਦਾਰੀ ਦੀ ਦੌਲਤ ਹੈ।"
ਦਰਅਸਲ, ਮਸ਼ਹੂਰ ਗਾਇਕ ਆਸ਼ਾ ਭੌਂਸਲੇ ਦੁਆਰਾ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਦੌਰਾਨ ਸ਼ੇਅਰ ਕੀਤਾ ਇਕ ਕਿੱਸਾ ਵਾਇਰਲ ਹੋ ਰਿਹਾ ਹੈ। 'ਡਾਂਸ ਇੰਡੀਆ ਡਾਂਸ ਲਿਲ ਮਾਸਟਰ 5' 'ਚ ਲਤਾ ਮੰਗੇਸ਼ਕਰ ਦੇ ਸਿਧਾਂਤਾਂ ਬਾਰੇ ਗੱਲ ਕਰਦੇ ਹੋਏ ਆਸ਼ਾ ਭੌਂਸਲੇ ਨੇ ਕਿਹਾ ਸੀ, 'ਉਸ (ਲਤਾ ਮੰਗੇਸ਼ਕਰ) ਨੂੰ ਵਿਆਹ 'ਚ ਗਾਉਣ ਲਈ 10 ਲੱਖ ਡਾਲਰ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਤੁਸੀਂ ਦੋ ਘੰਟੇ ਹੀ ਦਰਸ਼ਨ ਦਿਓ। ਇਸ 'ਤੇ ਦੀਦੀ ਨੇ ਕਿਹਾ, ਜੇਕਰ ਤੁਸੀਂ ਮੈਨੂੰ ਪੰਜ ਲੱਖ ਡਾਲਰ ਦੇ ਦਿਓ ਤਾਂ ਵੀ ਮੈਂ ਨਹੀਂ ਆਵਾਂਗੀ ਕਿਉਂਕਿ ਅਸੀਂ ਵਿਆਹਾਂ ਵਿਚ ਨਹੀਂ ਗਾਉਂਦੇ”। ਕੰਗਨਾ ਨੇ ਅਪਣੀ ਪੋਸਟ 'ਚ ਇਹ ਕਿੱਸਾ ਸ਼ੇਅਰ ਕਰਦਿਆਂ ਸਿਤਾਰਿਆਂ 'ਤੇ ਨਿਸ਼ਾਨਾ ਸਾਧਿਆ ਹੈ।