
ਅਭਿਨੇਤਰੀ ਦੇ ਸੁਰੱਖਿਅਤ ਅਪਣੇ ਦੇਸ਼ ਪਰਤਣ 'ਤੇ ਹਰ ਕੋਈ ਬਹੁਤ ਖੁਸ਼ ਹੈ।
ਮੁੰਬਈ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜਾਰੀ ਜੰਗ ਦੌਰਾਨ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਉਥੇ ਫਸ ਗਈ ਸੀ, ਇਸ ਦੌਰਾਨ ਅਭਿਨੇਤਰੀ ਦੇ ਪ੍ਰਵਾਰਕ ਮੈਂਬਰ ਅਤੇ ਪ੍ਰਸ਼ੰਸਕ ਕਾਫੀ ਚਿੰਤਤ ਸਨ। ਹਾਲਾਂਕਿ ਹੁਣ ਭਾਰਤੀ ਦੂਤਾਵਾਸ ਦੀ ਮਦਦ ਸਦਕਾ ਉਨ੍ਹਾਂ ਦੀ ਸੁਰੱਖਿਅਤ ਭਾਰਤ ਵਾਪਸੀ ਹੋਈ ਹੈ। ਅੱਜ ਉਨ੍ਹਾਂ ਦੀ ਫਲਾਈਟ ਮੁੰਬਈ 'ਚ ਲੈਂਡ ਹੋ ਗਈ ਹੈ।
ਅਭਿਨੇਤਰੀ ਦੇ ਸੁਰੱਖਿਅਤ ਅਪਣੇ ਦੇਸ਼ ਪਰਤਣ 'ਤੇ ਹਰ ਕੋਈ ਬਹੁਤ ਖੁਸ਼ ਹੈ। ਟੀਮ ਦਾ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਇਜ਼ਰਾਈਲ ਵਿਚ ਫਸੀ ਨੁਸਰਤ ਭਰੂਚਾ ਨਾਲ ਸੰਪਰਕ ਹੋਇਆ ਸੀ। ਨੁਸਰਤ ਭਰੂਚਾ ਦੀ ਟੀਮ ਨੇ ਦਸਿਆ ਕਿ ਦੂਤਾਵਾਸ ਦੀ ਮਦਦ ਨਾਲ ਉਸ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਗਿਆ ਹੈ।
ਦੱਸ ਦੇਈਏ ਕਿ ਨੁਸਰਤ ਭਰੂਚਾ ਹੈਫਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਹਿੱਸਾ ਬਣਨ ਲਈ ਇਜ਼ਰਾਈਲ ਗਈ ਸੀ। ਪਰ ਇਸ ਦੌਰਾਨ ਉਥੇ ਜੰਗ ਸ਼ੁਰੂ ਹੋ ਗਈ ਅਤੇ ਨੁਸਰਤ ਉਥੇ ਹੀ ਫਸ ਗਈ। ਫ਼ਿਲਮਾਂ ਦੀ ਗੱਲ ਕਰੀਏ ਤਾਂ ਨੁਸਰਤ ਭਰੂਚਾ ਨੂੰ ਪਿਆਰ ਕਾ ਪੰਚਨਾਮਾ, ਡ੍ਰੀਮ ਗਰਲ, ਜਨਹਿਤ ਮੇਂ ਜਾਰੀ, ਰਾਮ ਸੇਤੂ ਆਦਿ ਫਿਲਮਾਂ ਵਿਚ ਦੇਖਿਆ ਗਿਆ ਹੈ।
ਆਖ਼ਰੀ ਵਾਰ ਉਨ੍ਹਾਂ ਨੂੰ ਫ਼ਿਲਮ ‘ਅਕੇਲੀ’ ਵਿਚ ਦੇਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇਜ਼ਰਾਈਲ ’ਤੇ ਹਮਾਸ ਨੇ ਹਮਲਾ ਕਰ ਦਿਤਾ ਹੈ। ਇਸ ਜੰਗ ਵਿਚ 500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਜ਼ਰਾਈਲ ਵਿਚ ਇਸ ਸਮੇਂ 18 ਹਜ਼ਾਰ ਭਾਰਤੀ ਮੌਜੂਦ ਹਨ।