
ਅਦਾਕਾਰਾ ਤੋਂ ਨੇਤਾ ਬਣਨ ਵਾਲੀ ਨੁਸਰਤ ਜਹਾਂ ਨੇ ਅਪਣੀ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਹੈ।
ਨਵੀਂ ਦਿੱਲੀ: ਅਦਾਕਾਰਾ ਤੋਂ ਨੇਤਾ ਬਣਨ ਵਾਲੀ ਨੁਸਰਤ ਜਹਾਂ ਨੇ ਅਪਣੀ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਬੰਗਾਲੀ ਆਦਾਕਾਰਾ ਨੁਸਰਤ ਜਹਾਂ ਨੇ ਬੁੱਧਵਾਰ ਨੂੰ ਬਿਜ਼ਨਸਮੈਨ ਨਿਖਿਲ ਜੈਨ ਨਾਲ ਤੁਰਕੀ ਵਿਚ ਵਿਆਹ ਕਰਵਾਇਆ ਹੈ। ਨੁਸਰਤ ਜਹਾਂ ਦੇ ਵਿਆਹ ਦੇ ਖ਼ਾਸ ਮੌਕੇ ‘ਤੇ ਉਹਨਾਂ ਨਾਲ ਪਰਿਵਾਰ ਦੇ ਮੈਂਬਰ ਅਤੇ ਕੁਝ ਖ਼ਾਸ ਦੋਸਤ ਵੀ ਮੌਜੂਦ ਸਨ। ਵਿਆਹ ਸਮੇਂ ਨੁਸਰਤ ਅਤੇ ਉਹਨਾਂ ਦੇ ਪਤੀ ਕਾਫ਼ੀ ਖੂਬਸੁਰਤ ਲੱਗ ਰਹੇ ਸਨ।
ਨੁਸਰਤ ਨੇ ਅਪਣੇ ਵਿਆਹ ਦੀ ਫੋਟੋ ਨੂੰ ਟਵਿਟਰ ‘ਤੇ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਅਪਣੇ ਪਤੀ ਨਿਖਿਲ ਨਾਲ ਦਿਖਾਈ ਦੇ ਰਹੀ ਹੈ। ਅਪਣੇ ਵਿਆਹ ਦੇ ਖ਼ਾਸ ਮੌਕੇ ‘ਤੇ ਨੁਸਰਤ ਨੇ ਪ੍ਰਸਿੱਧ ਡਿਜ਼ਾਇਨਰ ਸਬਿਆਸਾਚੀ ਮੁਖਰਜੀ ਦਾ ਡਿਜ਼ਾਇਨ ਕੀਤਾ ਹੋਇਆ ਲਹਿੰਗਾ ਪਾਇਆ ਸੀ। ਨੁਸਰਤ ਤੋਂ ਇਲਾਵਾ ਨਿਖਿਲ ਜੈਨ ਵੀ ਸ਼ੇਰਵਾਨੀ ਵਿਚ ਕਾਫੀ ਸ਼ਾਨਦਾਰ ਲੱਗ ਰਹੇ ਹਨ। ਵਿਆਹ ਤੋਂ ਬਾਅਦ ਨੁਸਰਤ ਜਹਾਂ ਅਤੇ ਨਿਖਿਲ ਜੈਨ ਦੀ ਰਿਸੈਪਸ਼ਨ 4 ਜੁਲਾਈ ਨੂੰ ਕੋਲਕਾਤਾ ਵਿਚ ਹੋਵੇਗੀ, ਜਿਸ ਵਿਚ ਬੰਗਾਲੀ ਕਲਾਕਾਰਾਂ ਦੇ ਨਾਲ ਆਗੂਆਂ ਨੇ ਸ਼ਾਮਲ ਹੋਣ ਦੀ ਵੀ ਸੰਭਾਵਨਾ ਹੈ।
ਨੁਸਰਤ ਅਤੇ ਨਿਖਿਲ ਦਾ ਵਿਆਹ ਹਿੰਦੂ ਰਿਵਾਜਾਂ ਅਨੁਸਾਰ ਕੀਤਾ ਗਿਆ। ਉਹਨਾਂ ਦੇ ਵਿਆਹ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਏ ਹਨ। ਦੱਸ ਦਈਏ ਕਿ ਬੰਗਾਲੀ ਅਦਾਕਾਰਾ ਨੁਸਰਤ ਨੇ ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ ਸੀ। ਇਹਨਾਂ ਚੋਣਾਂ ਵਿਚ ਉਹਨਾਂ ਨੇ ਪੱਛਮੀ ਬੰਗਾਲ ਦੀ ਬਸ਼ੀਰਹਾਟ ਸੀਟ ਤੋਂ ਕੁੱਲ 3.5 ਲੱਖ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ।