
ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਅੱਜ ਸ਼ੁੱਕਰਵਾਰ ਨੂੰ ਜੋਧਪੁਰ ਕੋਰਟ ਵਿਚ ਪੇਸ਼ੀ ਸੀ
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਅੱਜ ਸ਼ੁੱਕਰਵਾਰ ਨੂੰ ਜੋਧਪੁਰ ਕੋਰਟ ਵਿਚ ਪੇਸ਼ੀ ਸੀ, ਪਰ ਇਸ ਪੇਸ਼ੀ ਲਈ ਸਲਮਾਨ ਖ਼ਾਨ ਨਹੀਂ ਆਏ। ਸਲਮਾਨ ਖ਼ਾਨ ਦੇ ਵਕੀਲ ਨੇ ਕੋਰਟ ਵਿਚ ਕਿਹਾ ਕਿ ਸਲਮਾਨ ਖ਼ਾਨ ਕੋਰਟ ਵਿਚ ਨਹੀਂ ਆਉਣਗੇ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 19 ਦਸੰਬਰ ਨੂੰ ਹੋਵੇਗੀ।
Jodhpur court
ਦੱਸ ਦਈਏ ਕਿ ਜੋਧਪੁਰ ਕੋਰਟ ਵਿਚ ਸਲਮਾਨ ਖ਼ਾਨ ਖਿਲਾਫ਼ 2 ਮਾਮਲੇ ਚੱਲ ਰਹੇ ਹਨ। ਪਹਿਲਾ ਮਾਮਲਾ 1998 ਵਿਚ ਫ਼ਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਕਾਲੇ ਹਿਰਨ ਦੇ ਸ਼ਿਕਾਰ ਨਾਲ ਜੁੜਿਆ ਹੈ। ਇਸ ਵਿਚ 25 ਅਪ੍ਰੈਲ 2018 ਨੂੰ ਸਲਮਾਨ ਖ਼ਾਨ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਦੇ ਵਿਰੁੱਧ ਅਪੀਲ ਕਰਦੇ ਹੋਏ ਸਲਮਾਨ ਦੇ ਵਕੀਲ ਨੇ ਸਜ਼ਾ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਮਾਮਲੇ ਵਿਚ ਵੀ ਸੁਣਵਾਈ ਚੱਲ ਰਹੀ ਹੈ।
Salman Khan
ਦੂਜਾ ਮਾਮਲਾ ਨਾਜਾਇਜ਼ ਹਥਿਆਰ ਰੱਖਣ ਦਾ ਹੈ, ਜਿਸ ਵਿਚ ਸਾਲ 2016 ਵਿਚ ਸਲਮਾਨ ਖ਼ਾਨ ਨੂੰ ਬਰੀ ਕਰ ਦਿੱਤਾ ਗਿਆ ਸੀ। ਸਰਕਾਰ ਨੇ ਸਲਮਾਨ ਦੇ ਬਰੀ ਕੀਤੇ ਜਾਣ ਵਿਰੁੱਧ ਕੋਰਟ ਵਿਚ ਅਪੀਲ ਕੀਤੀ, ਇਸ ‘ਤੇ ਵੀ ਅੱਜ ਸੁਣਵਾਈ ਹੋਣੀ ਸੀ। ਦੱਸ ਦਈਏ ਇਸ ਤੋਂ ਪਹਿਲਾਂ ਸਲਮਾਨ ਖ਼ਾਨ ਨੂੰ ਫੇਸਬੁੱਕ ‘ਤੇ ਸੋਪੂ (Student Organization of Punjab University) ਨਾਂਅ ਦੇ ਗਰੁੱਪ ‘ਤੇ ਇਕ ਧਮਕੀ ਦਿੱਤੀ ਗਈ ਸੀ। ਇਹ ਧਮਕੀ ਗੈਰੀ ਸ਼ੂਟਰ ਨਾਂਅ ਦੀ ਆਈਡੀ ਤੋਂ ਦਿੱਤੀ ਗਈ ਹੈ। ਇਸ ਧਮਕੀ ਦਾ ਸਕਰੀਨ ਸ਼ਾਟ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਵੀ ਹੋਇਆ ਸੀ।
Salman Khan Threatened
ਇਸ ਪੋਸਟ ‘ਤੇ ਸਲਮਾਨ ਖ਼ਾਨ ਦੀ ਇਕ ਫੋਟੋ ਨਜ਼ਰ ਆ ਰਹੀ ਸੀ, ਜਿਸ ਨੂੰ ਲਾਲ ਰੰਗ ਨਾਲ ਕਰਾਸ ਕੀਤਾ ਗਿਆ ਸੀ। ਧਮਕੀ ਦੇਣ ਵਾਲੇ ਯੂਜ਼ਰ ਨੇ ਪੋਸਟ ਵਿਚ ਲਿਖਿਆ ਸੀ, ‘ਸੋਚ ਲੈ ਸਲਮਾਨ ਤੂੰ ਭਾਰਤ ਦੇ ਕਾਨੂੰਨ ਤੋਂ ਬਚ ਸਕਦਾ ਹੈ ਪਰ ਬਿਸ਼ਨੋਈ ਸਮਾਜ ਅਤੇ ਸੋਪੂ ਪਾਰਟੀ ਦੇ ਕਾਨੂੰਨ ਨੇ ਤੈਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ। ਸੋਪੂ ਅਦਾਲਤ ਵਿਚ ਤੂੰ ਦੋਸ਼ੀ ਹੈ’। ਦੱਸ ਦਈਏ ਕਿ ਬਿਸ਼ਨੋਈ ਗੈਂਗ ਦੇ ਜ਼ਿਆਦਾਤਰ ਮੈਂਬਰ ਬਿਸ਼ਨੋਈ ਸਮਾਜ ਨਾਲ ਜੁੜੇ ਹੋਏ ਹਨ ਅਤੇ ਬਿਸ਼ਨੋਈ ਸਮਾਜ ਹਿਰਨ ਨੂੰ ਦੇਵ ਦੀ ਤਰ੍ਹਾਂ ਮੰਨਦਾ ਹੈ। ਇਹ ਸਮਾਜ ਲਗਾਤਾਰ ਸਲਮਾਨ ਦੀ ਪੇਸ਼ੀ ਦੌਰਾਨ ਵਿਰੋਧ ਪ੍ਰਦਰਸ਼ਨ ਕਰਦਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।