
ਕੰਨੜ ਅਭਿਨੇਤਾ ਕਿੱਚਾ ਸੁਦੀਪ ਅਤੇ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਵਿਚਕਾਰ ਭਾਸ਼ਾ ਨੂੰ ਲੈ ਕੇ ਵਿਵਾਦ ਟਵਿਟਰ 'ਤੇ ਟ੍ਰੈਂਡ ਕਰ ਰਿਹਾ ਹੈ
ਨਵੀਂ ਦਿੱਲੀ: ਕੰਨੜ ਅਭਿਨੇਤਾ ਕਿੱਚਾ ਸੁਦੀਪ ਅਤੇ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਵਿਚਕਾਰ ਭਾਸ਼ਾ ਨੂੰ ਲੈ ਕੇ ਵਿਵਾਦ ਟਵਿਟਰ 'ਤੇ ਟ੍ਰੈਂਡ ਕਰ ਰਿਹਾ ਹੈ। ਇਸ ਦੇ ਚਲਦਿਆਂ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਸਿੱਧਾਰਮੱਈਆ ਨੇ ਵੀ ਟਵੀਟ ਕੀਤਾ ਹੈ। ਅਜੇ ਦੇਵਗਨ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ, ਉਹਨਾਂ ਲਿਖਿਆ - ਹਿੰਦੀ ਕਦੇ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਸੀ ਅਤੇ ਨਾ ਹੀ ਹੋਵੇਗੀ।
ਸਿੱਧਾਰਮੱਈਆ ਨੇ ਅੱਗੇ ਲਿਖਿਆ- “ਹਿੰਦੀ ਕਦੇ ਵੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਸੀ ਅਤੇ ਨਾ ਹੀ ਕਦੇ ਹੋਵੇਗੀ। ਇਹ ਹਰ ਭਾਰਤੀ ਦਾ ਫ਼ਰਜ਼ ਹੈ ਕਿ ਉਹ ਦੇਸ਼ ਦੀਆਂ ਬੋਲੀਆਂ ਦੀ ਵਿਭਿੰਨਤਾ ਦਾ ਸਨਮਾਨ ਕਰੇ। ਹਰ ਭਾਸ਼ਾ ਦਾ ਅਮੀਰ ਇਤਿਹਾਸ ਹੁੰਦਾ ਹੈ ਜਿਸ 'ਤੇ ਇਸ ਦੇ ਲੋਕ ਮਾਣ ਕਰਦੇ ਹਨ। ਮੈਨੂੰ ਕੰਨੜ ਹੋਣ ’ਤੇ ਮਾਣ ਹੈ”।
ਦਰਅਸਲ ਭਾਸ਼ਾ ਨੂੰ ਲੈ ਕੇ ਵਿਵਾਦ ਕਿੱਚਾ ਦੇ ਇਕ ਬਿਆਨ ਤੋਂ ਸ਼ੁਰੂ ਹੋਇਆ ਸੀ। ਉਹਨਾਂ ਕਿਹਾ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈ। ਕੰਨੜ ਵਿਚ ਪੈਨ ਇੰਡੀਆ ਫਿਲਮਾਂ ਬਣ ਰਹੀਆਂ ਹਨ, ਮੈਂ ਇਸ ਵਿਚ ਇਕ ਛੋਟੀ ਜਿਹੀ ਸੋਧ ਕਰਨਾ ਚਾਹਾਂਗਾ। ਹਿੰਦੀ ਹੁਣ ਰਾਸ਼ਟਰੀ ਭਾਸ਼ਾ ਨਹੀਂ ਰਹੀ। ਬਾਲੀਵੁੱਡ ਵਿਚ ਅੱਜ ਪੈਨ ਇੰਡੀਆ ਫਿਲਮਾਂ ਬਣ ਰਹੀਆਂ ਹਨ। ਉਹ ਤੇਲਗੂ ਅਤੇ ਤਾਮਿਲ ਫਿਲਮਾਂ ਦੇ ਰੀਮੇਕ ਬਣਾ ਰਿਹਾ ਹੈ ਪਰ ਇਸ ਤੋਂ ਬਾਅਦ ਵੀ ਸੰਘਰਸ਼ ਕਰ ਰਿਹਾ ਹੈ। ਅੱਜ ਅਸੀਂ ਅਜਿਹੀਆਂ ਫਿਲਮਾਂ ਬਣਾ ਰਹੇ ਹਾਂ ਜੋ ਪੂਰੀ ਦੁਨੀਆ ਵਿਚ ਦੇਖੀਆਂ ਜਾ ਰਹੀਆਂ ਹਨ।
ਕੀਚਾ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦਿਆਂ ਅਜੇ ਦੇਵਗਨ ਨੇ ਕਿਹਾ ਕਿ ਜੇਕਰ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈ ਤਾਂ ਸੁਦੀਪ ਹਿੰਦੀ 'ਚ ਡਬ ਕਰਕੇ ਆਪਣੀਆਂ ਫਿਲਮਾਂ ਨੂੰ ਰਿਲੀਜ਼ ਕਿਉਂ ਕਰਦੇ ਹਨ? ਹਿੰਦੀ ਸਾਡੀ ਮਾਤ ਭਾਸ਼ਾ ਅਤੇ ਰਾਸ਼ਟਰੀ ਭਾਸ਼ਾ ਸੀ, ਹੈ ਅਤੇ ਹਮੇਸ਼ਾ ਰਹੇਗੀ।
ਅਜੇ ਦੇ ਇਸ ਟਵੀਟ 'ਤੇ ਸੁਦੀਪ ਕਿਚਾ ਨੇ ਵੀ ਆਪਣਾ ਸਪੱਸ਼ਟੀਕਰਨ ਦਿੱਤਾ। ਉਹਨਾਂ ਕਿਹਾ, “ਸਰ, ਮੈਂ ਦੇਸ਼ ਦੀ ਹਰ ਭਾਸ਼ਾ ਨੂੰ ਪਿਆਰ ਕਰਦਾ ਹਾਂ ਅਤੇ ਉਸ ਦਾ ਸਤਿਕਾਰ ਕਰਦਾ ਹਾਂ। ਮੈਂ ਇਸ ਵਿਸ਼ੇ ਨੂੰ ਇੱਥੇ ਖਤਮ ਕਰਨਾ ਚਾਹੁੰਦਾ ਹਾਂ। ਜਿਵੇਂ ਕਿ ਮੈਂ ਕਿਹਾ ਇਹ ਲਾਈਨਾਂ ਪੂਰੀ ਤਰ੍ਹਾਂ ਪ੍ਰਸੰਗ ਤੋਂ ਬਾਹਰ ਹਨ। ਤੁਹਾਨੂੰ ਹਮੇਸ਼ਾ ਪਿਆਰ ਕਰਦੇ ਹਾਂ ਅਤੇ ਤੁਹਾਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਉਮੀਦ ਕਰਦਾ ਹਾਂ ਛੇਤੀ ਮਿਲਾਂਗੇ।