
ਪੰਜਾਬ ਫ਼ਿਲਮਾਂ ਦੇ ਸਿਰਮੌਰ ਨਿਰਮਾਤਾ ਤੇ ਨਿਰਦੇਸ਼ਕ ਮਨਮੋਹਨ ਸਿੰਘ ਉੱਘੇ ਗਾਇਕ ਤੇ ਅਦਾਕਾਰ ਹਰਭਜਨ ਮਾਨ, ਅਦਾਕਾਰਾ ਮੈਂਡੀ ਤੱਖਰ ਨਾਲ ਪੰਜਾਬੀ ਫ਼ਿਲਮ 'ਜੀ ਆਇਆਂ ਨੂੰ'.......
ਚੰਡੀਗੜ੍ਹ : ਪੰਜਾਬ ਫ਼ਿਲਮਾਂ ਦੇ ਸਿਰਮੌਰ ਨਿਰਮਾਤਾ ਤੇ ਨਿਰਦੇਸ਼ਕ ਮਨਮੋਹਨ ਸਿੰਘ ਉੱਘੇ ਗਾਇਕ ਤੇ ਅਦਾਕਾਰ ਹਰਭਜਨ ਮਾਨ, ਅਦਾਕਾਰਾ ਮੈਂਡੀ ਤੱਖਰ ਨਾਲ ਪੰਜਾਬੀ ਫ਼ਿਲਮ 'ਜੀ ਆਇਆਂ ਨੂੰ' ਨਾਲ ਸਫ਼ਲਤਾ ਦੇ ਝੰਡੇ ਗੱਡਣ ਤੋਂ ਬਾਅਦ ਹੁਣ ਪੂਰੇ 10 ਵਰ੍ਹਿਆਂ ਬਾਅਦ ਇਕ ਨਵੀਂ ਪੰਜਾਬੀ ਫ਼ਿਲਮ ਲੈ ਕੇ ਲੋਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਉਹ ਅੱਜ ਹਰਭਜਨ ਮਾਨ, ਗੁਰਪ੍ਰੀਤ ਘੁੱਗੀ, ਦੀਪ ਢਿੱਲੋਂ, ਮੈਂਡੀ ਤੱਖਰ ਅਤੇ ਸਰਦੂਲ ਸਿਕੰਦਰ ਦੇ ਨਾਲ ਚੰਡੀਗੜ੍ਹ ਵਿਚ ਪੁੱਜੇ ਹੋਏ ਸਨ। ਇਕ ਪ੍ਰੈੱਸ ਮਿਲਣੀ ਦੌਰਾਨ ਨਿਰਮਾਤਾ ਮਨਮੋਹਨ ਸਿੰਘ ਨੇ ਦਸਿਆ ਕਿ ਉੁਨ੍ਹਾਂ ਨੇ 2002 ਵਿਚ ਅਜਿਹੇ ਨਾਜ਼ੁਕ ਦੌਰ 'ਚ ਪੰਜਾਬੀ ਫ਼ਿਲਮਾਂ ਦੀ ਸ਼ੁਰੂਆਤ ਕੀਤੀ।
ਜਦੋਂ ਕੋਈ ਪੰਜਾਬੀ ਤੇ ਸਭਿਆਚਾਰ ਭਰਪੂਰ ਫ਼ਿਲਮ ਨਹੀਂ ਬਣ ਰਹੀ। ਉਨ੍ਹਾਂ ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਅਤੇ ਹੋਰ ਸਿਰਕੱਢ ਕਲਾਕਾਰਾਂ ਤੇ ਗੀਤਕਾਰਾਂ ਦੇ ਸਾਂਝੇ ਇਕ ਪਲੇਟਫ਼ਾਰਮ 'ਤੇ ਪੇਸ਼ ਕਰ ਕੇ ਮੁੜ ਪੰਜਾਬੀ ਫ਼ਿਲਮ ਇੰਡਸਟਰੀਜ਼ ਵਿਚ ਨਵੀਂ ਰੂਹ ਫੂਕ ਦਿਤੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਆਉਣ ਵਾਲੀ ਨਵੀਂ ਪੰਜਾਬੀ ਫ਼ਿਲਮ ਦਾ ਪ੍ਰਡਿਊਸਰ ਕੰਪਨੀ ਵਲੋਂ ਅਜੇ ਨਾਮ ਨਹੀਂ ਰਖਿਆ ਗਿਆ ਪ੍ਰੰਤੂ ਇਸ ਫ਼ਿਲਮ ਦਾ ਥੀਮ ਪੰਜਾਬੀ ਨੌਜਵਾਨਾਂ ਦੇ ਵਿਦੇਸ਼ਾਂ ਵਲ ਵਧ ਰਹੇ ਪ੍ਰਵਾਸ ਨੂੰ ਰੋਕਣ ਬਾਰੇ ਹੋਵੇਗਾ।
ਇਹ ਫ਼ਿਲਮ ਸਾਰੰਗ ਫ਼ਿਲਮਜ਼ ਦੇ ਬੈਨਰ ਹੇਠ ਬਣ ਰਹੀ ਹੈ, ਜਿਸ ਦੇ ਮਾਲਕ ਹਰਵਿੰਦਰ ਸਰ ਤੇ ਦਰਸ਼ਨ ਸਿੰਘ ਰੰਗੀ ਦੀ ਅਗਵਾਈ 'ਚ ਸ਼ੂਟਿੰਗ ਹੋ ਰਹੀ ਹੈ। ਹਰਵਿੰਦਰ ਸਰ ਖੇਡਾਂ ਦੇ ਖੇਤਰ 'ਚ ਕਈ ਵਰ੍ਹਿਆਂ ਤੋਂ ਨੌਜਵਾਨਾਂ ਦੇ ਦੇਸ਼-ਵਿਦੇਸ਼ ਵਿਚ ਰਹਿਨੁਮਾਈ ਕਰ ਦੇ ਆ ਰਹੇ ਹਨ। ਇਸ ਫ਼ਿਲਮ ਦੇ ਗੀਤ ਵੀ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਵਲੋਂ ਲਿਖੇ ਗਏ ਹਨ ਤੇ ਸਰਦੂਲ ਸਿਕੰਦਰ ਅਤੇ ਹੋਰ ਗਾਇਕਾਂ ਵਲੋਂ ਗਾਏ ਗਏ ਹਨ।