
ਕਰਮਜੀਤ ਅਨਮੋਲ ਨੇ ਦਸਿਆ ਲਾਕਡਾਊਨ ਦਾ ਫਾਇਦਾ
ਚੰਡੀਗੜ੍ਹ, 15 ਅਪ੍ਰੈਲ : ਕੋਰੋਨਾ ਵਾਇਰਸ ਦੇ ਚਲਦਿਆਂ ਭਾਰਤ ਵਿਚ 19 ਦਿਨਾਂ ਦਾ ਲਾਕਡਾਊਨ ਲਗਿਆ ਹੋਇਆ ਹੈ ਅਤੇ ਪੰਜਾਬ ਵਿਚ ਵੀ ਕਰਫ਼ੀਊ ਜਾਰੀ ਹੈ। ਇਸ ਦੇ ਚਲਦੇ ਸਾਰੇ ਲੋਕ ਅਪਣੇ-ਅਪਣੇ ਘਰਾਂ ਵਿਚ ਹੀ ਬੈਠੇ ਹੋਏ ਹਨ। ਇਹਨਾਂ ਦਿਨਾਂ ਵਿਚ ਕੋਈ ਵੀ ਕੰਮ ਨਹੀਂ ਚਲ ਰਿਹਾ। ਇਸ ਬਾਬਤ ਸਪੋਕਸਮੈਨ ਟੀਮ ਵਲੋਂ ਹਾਸਿਆਂ ਦੇ ਪਿਟਾਰਾ ਕਰਮਜੀਤ ਅਨਮੋਲ ਨਾਲ ਗੱਲਬਾਤ ਕੀਤੀ ਗਈ ਜੋ ਕਿ ਇਕ ਅਦਾਕਾਰ ਅਤੇ ਗਾਇਕ ਵੀ ਹਨ।
ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਘਰ ਵਿਚ ਸਮਾਂ ਕਿਵੇਂ ਬਤੀਤ ਕਰਦੇ ਹਨ। ਇਸ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਬਹੁਤ ਲੰਬੇ ਸਮੇਂ ਬਾਅਦ ਉਹ ਘਰ ਵਿਚ ਰਹੇ ਹਨ। ਪਹਿਲਾਂ ਦਿਨ ਰਾਤ ਕੰਮ ਕਰਨ ਵਿਚ ਵਿਅਸਤ ਰਹਿੰਦੇ ਸਨ। ਹੁਣ ਪ੍ਰਾਤਮਾ ਵਲੋਂ ਸਮਾਂ ਮਿਲਿਆ ਹੈ ਕਿ ਘਰ ਵਿਚ ਬੈਠੋ ਅਤੇ ਪ੍ਰਵਾਰ ਨਾਲ ਜੁੜੋ। ਪਰ ਇਹ ਕੁੱਝ ਮਨੁੱਖ ਦੀਆਂ ਗਲਤੀਆਂ ਵੀ ਹਨ ਜਿਹਨਾਂ ਕਾਰਨ ਇਹੋ ਜਿਹੀ ਆਫ਼ਤ ਸਿਰ ਤੇ ਆਣ ਪਈ ਹੈ।
File photo
ਉਹਨਾਂ ਕਿਹਾ ਕਿ ਉਹ ਘਰ ਵਿਚ ਕਿਤਾਬਾਂ ਆਦਿ ਪੜ੍ਹ ਰਹੇ ਹਨ। ਫ਼ਿਲਮਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਲਾਕਡਾਊਨ ਕਾਰਨ ਉਹਨਾਂ ਦਾ ਕੰਮ ਪਿਛੇ ਪੈ ਗਿਆ ਹੈ ਪਰ ਉਹਨਾਂ ਨੂੰ ਹੁਣ ਸਮਾਂ ਮਿਲ ਗਿਆ ਹੈ ਕਿ ਉਹ ਹੋਰ ਵੀ ਵਧੀਆ ਕੰਮ ਕਰਨ ਤੇ ਅੱਗੇ ਆਉਣ ਵਾਲੇ ਸਮੇਂ ਵਿਚ ਵਧੀਆ ਤਰੀਕੇ ਨਾਲ ਅਪਣਾ ਫ਼ਰਜ਼ ਨਿਭਾਉਣਗੇ। ਫ਼ਿਲਮਾਂ ਵਿਚ ਕਿਰਦਾਰ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਹੁਣ ਤਕ ਬਹੁਤ ਸਾਰੇ ਕਿਰਦਾਰ ਨਿਭਾਏ ਹਨ ਪਰ ਹੁਣ ਉਹ ਮੰਦਬੁੱਧੀ ਵਿਅਕਤੀ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਹਨ।
ਭਾਰਤ ਅਤੇ ਪੰਜਾਬ ਵਿਚ ਕੋਰੋਨਾ ਦੀ ਸਥਿਤੀ ਤੇ ਉਹਨਾਂ ਦਾ ਬਿਆਨ ਸੀ ਕਿ ਸਰਕਾਰ ਵਲੋਂ ਪੁਖ਼ਤਾ ਪ੍ਰਬੰਧ ਤਾਂ ਕੀਤੇ ਜਾ ਰਹੇ ਹਨ ਪਰ ਇਸ ਵਿਚ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਅਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਭਾਵ ਸਰਕਾਰ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਪਾਲਣਾ ਕਰਨ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਪਣੇ ਘਰਾਂ ਵਿਚ ਹੀ ਰਹਿਣ ਅਤੇ ਇਸ ਮੁਸ਼ਕਲ ਘੜੀ ਵਿਚ ਸਰਕਾਰ ਦਾ ਸਾਥ ਦੇਣ।