ਭਾਜਪਾ ਆਗੂ ਅਰਵਿੰਦ ਸ਼ਰਮਾ ਨੇ ਨਵੇਂ ਗੀਤ ‘ਨਾਗਿਨ’ ਨੂੰ ਲੈ ਕੇ FIR ਕਰਵਾਈ ਦਰਜ
ਜਲੰਧਰ : ਪੰਜਾਬੀ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ ‘ਨਾਗਿਨ’ ਵਿਵਾਦਾਂ ਵਿੱਚ ਘਿਰ ਗਿਆ ਹੈ। ਭਾਜਪਾ ਪੰਜਾਬ ਦੇ ਆਗੂ ਅਰਵਿੰਦ ਸ਼ਰਮਾ ਨੇ ਗੀਤ ਨੂੰ ਅਸ਼ਲੀਲ ਦੱਸਦੇ ਹੋਏ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਹਨੀ ਸਿੰਘ ਦੇ ਨਵੇਂ ਗਾਣੇ, "ਨਾਗਿਨ" ਦਾ ਵਿਰੋਧ ਕੀਤਾ ਹੈ ਅਤੇ ਡੀਜੀਪੀ ਤੋਂ ਉਸ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਪੰਜਾਬੀ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਵਿਰੁੱਧ ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਨੇ ਭਾਜਪਾ ਪੰਜਾਬ ਨੂੰ ਸ਼ਿਕਾਇਤ ਸੌਂਪਦੇ ਹੋਏ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭਾਜਪਾ ਪੰਜਾਬ ਦੇ ਆਗੂ ਅਰਵਿੰਦ ਸ਼ਰਮਾ ਨੇ ਹਨੀ ਸਿੰਘ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਪੰਜਾਬੀ ਗੀਤ ਨਾਗਿਨ ਨੂੰ ਅਸ਼ਲੀਲ ਦੱਸਦੇ ਹੋਏ ਇਸ ਵਿਰੁੱਧ ਐਫ.ਆਈ.ਆਰ. ਦਰਜ ਕਰਨ ਅਤੇ ਗੀਤ ਨੂੰ ਯੂਟਿਊਬ ਸਹਿਤ ਸਾਰੇ ਡਿਜੀਟਲ ਪਲੇਟਫਾਰਮਾਂ ਤੋਂ ਤੁਰੰਤ ਹਟਾਉਣ ਦੀ ਮੰਗ ਰੱਖੀ ਹੈ।
ਸ਼ਿਕਾਇਤ ਵਿੱਚ ਅਰਵਿੰਦ ਸ਼ਰਮਾ ਨੇ ਇਲਜ਼ਾਮ ਲਗਾਇਆ ਕਿ ਉਕਤ ਗੀਤ ਵਿੱਚ ਨਗਨਤਾ, ਭੱਦਾ ਡਾਂਸ ਅਤੇ ਆਪੱਤੀਜਨਕ ਦ੍ਰਿਸ਼ ਦਿਖਾਏ ਗਏ ਹਨ, ਜੋ ਪੰਜਾਬੀ ਸੱਭਿਆਚਾਰ ਅਤੇ ਪਰੰਪਰਾਵਾਂ ਦੇ ਬਿਲਕੁਲ ਉਲਟ ਹਨ। ਉਨ੍ਹਾਂ ਕਿਹਾ ਕਿ ਮਨੋਰੰਜਨ ਦੇ ਨਾਂ ਤੇ ਪੰਜਾਬੀ ਸੰਗੀਤ ਅਤੇ ਉਸ ਦੀ ਪਛਾਣ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਜੋ ਬਹੁਤ ਚਿੰਤਾਜਨਕ ਹੈ। ਅਰਵਿੰਦ ਸ਼ਰਮਾ ਨੇ ਅੱਗੇ ਕਿਹਾ ਕਿ ਪੰਜਾਬ ਦੀ ਸੰਸਕ੍ਰਿਤੀ ਸਤਿਕਾਰ, ਮਰਿਆਦਾ ਅਤੇ ਔਰਤਾਂ ਪ੍ਰਤੀ ਆਦਰ ਲਈ ਜਾਣੀ ਜਾਂਦੀ ਹੈ, ਪਰ ਇਸ ਤਰ੍ਹਾਂ ਦੇ ਗੀਤ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।
