
30-40 ਨੌਜਵਾਨਾਂ ਨੇ ਦੋ ਨੌਜਵਾਨਾਂ 'ਤੇ ਕੀਤਾ ਹਮਲਾ
Babbu Maan's show: ਜ਼ਿਲ੍ਹਾ ਬਠਿੰਡਾ ਦੇ ਇਕ ਨਿੱਜੀ ਇੰਸਟੀਚਿਊਟ ਵਿਚ ਪੰਜਾਬੀ ਗਇਕ ਬੱਬੂ ਮਾਨ ਦੇ ਲਾਈਵ ਸ਼ੋਅ ਦੌਰਾਨ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਮਗਰੋਂ 35-40 ਨੌਜਵਾਨਾਂ ਨੇ ਦੋ ਨੌਜਵਾਨਾਂ 'ਤੇ ਜਾਨਲੇਵਾ ਹਮਲਾ ਕਰ ਦਿਤਾ। ਇਸ ਹਮਲੇ 'ਚ ਦੋਵੇਂ ਗੰਭੀਰ ਜ਼ਖਮੀ ਹੋ ਗਏ। ਇਸ ਦੌਰਾਨ ਪਰਵਾਰ ਦੀਆਂ ਔਰਤਾਂ ਨੂੰ ਵੀ ਸੱਟਾਂ ਲੱਗਣ ਦੀ ਖ਼ਬਰ ਹੈ।
ਜ਼ਖ਼ਮੀ ਨੌਜਵਾਨਾਂ ਨੂੰ ਗੰਭੀਰ ਹਾਲਤ ਵਿਚ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿਥੇ ਪੁਲਿਸ ਨੇ ਉਨ੍ਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਜਾਣਕਾਰੀ ਅਨੁਸਾਰ ਹਸਪਤਾਲ 'ਚ ਦਾਖਲ ਹਰਪ੍ਰੀਤ ਸਿੰਘ ਨੇ ਦਸਿਆ ਕਿ ਉਹ ਅਪਣੀ ਪਤਨੀ, ਬੱਚਿਆਂ ਅਤੇ ਸਾਲੀ ਨਾਲ ਬਾਬਾ ਫਰੀਦ ਕਾਲਜ 'ਚ ਚੱਲ ਰਹੇ ਗਾਇਕ ਬੱਬੂ ਮਾਨ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਗਿਆ ਸੀ। ਜਦੋਂ ਉਹ ਸ਼ਾਮ ਕਰੀਬ 4.30 ਵਜੇ ਅੰਦਰ ਦਾਖਲ ਹੋਏ ਤਾਂ ਕੁੱਝ ਨੌਜਵਾਨ ਹੰਗਾਮਾ ਕਰ ਰਹੇ ਸਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾਂ ਨੇ ਉਸ ਦੀ ਪਤਨੀ ਅਤੇ ਸਾਲੀ ਨੂੰ ਲੈ ਕੇ ਗਲਤ ਟਿੱਪਣੀਆਂ ਕੀਤੀਆਂ, ਜਿਸ ਦਾ ਉਸ ਨੇ ਵਿਰੋਧ ਕੀਤਾ। ਇਸ ਦੌਰਾਨ ਮੁਲਜ਼ਮਾਂ ਨੇ ਇਨ੍ਹਾਂ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ, ਇਸ ਦੌਰਾਨ ਕਿਸੇ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਮੁਲਜ਼ਮ ਨੌਜਵਾਨਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਫਰਾਰ ਹੋ ਗਏ।
ਹਰਪ੍ਰੀਤ ਨੇ ਕਿਹਾ ਕਿ ਮੌਕੇ 'ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਕੋਈ ਮਦਦ ਨਹੀਂ ਕੀਤੀ ਅਤੇ ਉਥੇ ਮੌਜੂਦ ਲੋਕ ਵੀ ਵੀਡੀਉ ਬਣਾਉਂਦੇ ਰਹੇ। ਹਰਪ੍ਰੀਤ ਦੇ ਦੋਸਤ ਰਮਿੰਦਰ ਸਿੰਘ ਨੇ ਦਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਪਰਵਾਰ 'ਤੇ ਕੁੱਝ ਲੋਕਾਂ ਨੇ ਹਮਲਾ ਕੀਤਾ ਹੈ ਤਾਂ ਉਹ ਮੌਕੇ 'ਤੇ ਪਹੁੰਚੇ। ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਨੂੰ ਐਂਬੂਲੈਂਸ ਦੀ ਮਦਦ ਨਾਲ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੀੜਤ ਪਰਵਾਰ ਦਾ ਕਹਿਣਾ ਹੈ ਕਿ ਇਹ ਸੱਭ ਇੰਸਟੀਚਿਊਟ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ।
(For more Punjabi news apart from Ruckus at Babbu Maan's show, stay tuned to Rozana Spokesman)