
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਅਤੇ ਇਹ ਨੰਗਲ ਡੈਮ ਦਾ ਨਹੀਂ ਬਲਕਿ ਹਿਮਾਚਲ ਦੇ ਚੰਬਾ ਦਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਇੱਕ ਪੁਲ ਤੋਂ ਤੇਜ਼ ਅਲਾਰਮ ਵੱਜਣ ਦੀ ਆਵਾਜ਼ ਸੁਣਾਈ ਦੇ ਰਹੀ ਹੈ ਅਤੇ ਪੁਲ ਹੇਠਾਂ ਪਾਣੀ ਦਾ ਬਹੁਤ ਤੇਜ਼ ਵਹਾਅ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨੰਗਲ ਡੈਮ 'ਤੇ ਅਧਿਕਾਰੀਆਂ ਵੱਲੋਂ ਖਤਰੇ ਦਾ ਅਲਾਰਮ ਵਜਾ ਦਿੱਤਾ ਗਿਆ ਹੈ।
ਫੇਸਬੁੱਕ ਯੂਜ਼ਰ Gurlal Brar ਨੇ 9 ਜੁਲਾਈ 2023 ਨੂੰ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਨੰਗਲ ਡੈਮ ਤੇ ਅਧਿਕਾਰੀਆਂ ਵੱਲੋਂ ਖਤਰੇ ਦਾ ਅਲਾਰਮ ਵਜਾ ਦਿੱਤਾ ਗਿਆ ਹੈ ਸਾਵਧਾਨ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਅਤੇ ਇਹ ਨੰਗਲ ਡੈਮ ਦਾ ਨਹੀਂ ਬਲਕਿ ਹਿਮਾਚਲ ਦੇ ਚੰਬਾ ਦਾ ਹੈ।
ਪੜ੍ਹੋ ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਯੂਟਿਊਬ ਅਕਾਊਂਟ Chamba Update - Funtus ਤੋਂ ਸਾਲ 2018 ਵਿਚ ਸਾਂਝਾ ਕੀਤਾ ਮਿਲਿਆ। ਵੀਡੀਓ ਨਾਲ ਸ਼ੇਅਰ ਕੀਤੇ ਕੈਪਸ਼ਨ ਮੁਤਾਬਕ ਇਹ ਵੀਡੀਓ ਚੰਬਾ ਦੇ ਬਾਲੂ ਪੁੱਲ ਦੀ ਹੈ।
ਹੁਣ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਕੀਤਾ ਤਾਂ ਸਾਨੂੰ ਫੇਸਬੁੱਕ 'ਤੇ ਇਹ ਵੀਡੀਓ ਕਈ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਸਾਨੂੰ ਇਸੇ ਸਰਚ ਦੌਰਾਨ ਮੀਡੀਆ ਅਦਾਰੇ ਡੀਡੀ ਨਿਊਜ਼ ਦੁਆਰਾ ਵਾਇਰਲ ਵੀਡੀਓ 23 ਸਤੰਬਰ 2018 ਨੂੰ ਸਾਂਝਾ ਕੀਤਾ ਮਿਲਿਆ। ਵੀਡੀਓ ਰਿਪੋਰਟ ਮੁਤਾਬਕ ਰਾਵੀ ਨਦੀ 'ਚ ਪਾਣੀ ਦਾ ਪੱਧਰ ਵਧਣ ਕਾਰਨ ਚੰਬਾ ਜ਼ਿਲ੍ਹੇ ਦੀਆਂ ਕਈ ਸਬ-ਡਿਵੀਜ਼ਨਾਂ ਨੂੰ ਜੋੜਨ ਵਾਲੇ ਬਾਲੂ ਪੁਲ 'ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ।
ਹੁਣ ਅਸੀਂ ਅਖੀਰਲੀ ਪੁਸ਼ਟੀ ਲਈ ਗੂਗਲ ਮੈਪ 'ਤੇ ਬਾਲੂ ਪੁੱਲ ਨੂੰ ਸਰਚ ਕੀਤਾ ਅਤੇ ਪਾਇਆ ਕਿ ਵਾਇਰਲ ਵੀਡੀਓ ਵਿਚ ਦਿੱਸ ਰਹੇ ਪੁੱਲ ਅਤੇ ਬਾਲੂ ਪੁੱਲ ਵਿਚ ਕਈ ਸਮਾਨਤਾਵਾਂ ਹਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਅਤੇ ਇਹ ਨੰਗਲ ਡੈਮ ਦਾ ਨਹੀਂ ਬਲਕਿ ਹਿਮਾਚਲ ਦੇ ਚੰਬਾ ਦਾ ਹੈ।