ਇਸ ਹਫਤੇ ਦਾ Weekly Fact Wrap
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦਾ "Weekly Fact Wrap"।
1. ਇਹ ਵਾਇਰਲ ਵੀਡੀਓ ਬੰਗਲਾਦੇਸ਼ ਵਿਖੇ ਹਿੰਦੂ ਅਧਿਆਪਕ ਨਾਲ ਦੁਰਵਿਵਹਾਰ ਦਾ ਨਹੀਂ ਹੈ, Fact Check ਰਿਪੋਰਟ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਦਫਤਰ ਅੰਦਰ ਕੁਝ ਲੋਕਾਂ ਵੱਲੋਂ ਇੱਕ ਵਿਅਕਤੀ ਨਾਲ ਬਦਸਲੂਕੀ ਕਰਦੇ ਅਤੇ ਉਸਦੇ ਨਾਲ ਦੁਰਵਿਵਹਾਰ ਕਰਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਵਾਇਰਲ ਹੋ ਰਿਹਾ ਵੀਡੀਓ ਬੰਗਲਾਦੇਸ਼ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਹਿੰਦੂ ਅਧਿਆਪਕ ਨੂੰ ਸਾਬਕਾ ਵਿਦਿਆਰਥੀਆਂ ਦੁਆਰਾ ਦੁਰਵਿਵਹਾਰ ਦਾ ਸਾਹਮਣਾ ਕਰਨ ਤੋਂ ਬਾਅਦ ‘ਅਸਤੀਫਾ ਦੇਣ ਲਈ ਮਜ਼ਬੂਰ’ ਕੀਤਾ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਇਸ ਦਾਅਵੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਅਤੇ ਪਾਇਆ ਕਿ ਵੀਡੀਓ ਵਿਚ ਕੋਈ ਹਿੰਦੂ ਅਧਿਆਪਕ ਨਹੀਂ ਸੀ। ਬੰਗਲਾਦੇਸ਼ ਦੇ ਮੁਸਲਿਮ ਸਿਵਲ ਅਧਿਕਾਰੀ ਤੌਫੀਕ ਇਸਲਾਮ ਨਾਲ ਦੁਰਵਿਵਹਾਰ ਦੇ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਵਾਇਰਲ ਕੀਤਾ ਗਿਆ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
2. ਬੰਗਲਾਦੇਸ਼ੀ ਹਿੰਦੂ ਕ੍ਰਿਕੇਟਰ ਲਿਟਨ ਦਾਸ ਦੇ ਘਰ ਦੀ ਨਹੀਂ ਹੈ ਇਹ ਤਸਵੀਰ, Fact Check ਰਿਪੋਰਟ
ਬੰਗਲਾਦੇਸ਼ ਵਿਖੇ ਚਲ ਰਹੀ ਹਿੰਸਾ ਨੂੰ ਲੈ ਕੇ ਤਮਾਮ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਇਸੇ ਲੜੀ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋਈ ਜਿਸਦੇ ਵਿਚ ਇੱਕ ਘਰ ਨੂੰ ਅੱਗ ਲੱਗੀ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਬੰਗਲਾਦੇਸ਼ੀ ਹਿੰਦੂ ਕ੍ਰਿਕੇਟਰ ਲਿਟਨ ਦਾਸ ਦੇ ਘਰ ਨੂੰ ਦੰਗਾਈਆਂ ਵੱਲੋਂ ਅੱਗ ਲੈ ਕੇ ਫੂੰਕ ਦਿੱਤਾ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਲਿਟਨ ਦਾਸ ਦੇ ਘਰ ਦੀ ਨਹੀਂ ਸੀ। ਇਹ ਤਸਵੀਰ ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਅਤੇ ਅਵਾਮੀ ਸੰਸਦ ਮੈਂਬਰ ਮਸ਼ਰਫੀ ਬਿਨ ਮੁਰਤਜ਼ਾ ਦੇ ਘਰ ਨੂੰ ਲੱਗੀ ਅੱਗ ਦੀ ਸੀ। ਦੱਸ ਦਈਏ ਲਿਟਨ ਦਾਸ ਨੇ ਆਪਣੇ ਫੇਸਬੁੱਕ 'ਤੇ ਪੋਸਟ ਪਾ ਕੇ ਵਾਇਰਲ ਦਾਅਵੇ ਦਾ ਖੰਡਨ ਵੀ ਕੀਤਾ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
3. ਬੰਗਲਾਦੇਸ਼ ਵਿਖੇ ਆਪਣੇ ਬੱਚੇ ਦੀ ਭਾਲ ਕਰ ਰਿਹਾ ਇਹ ਪਿਤਾ ਹਿੰਦੂ ਨਹੀਂ ਮੁਸਲਿਮ ਹੈ, Fact Check ਰਿਪੋਰਟ
ਸੋਸ਼ਲ ਮੀਡੀਆ 'ਤੇ ਬੰਗਲਾਦੇਸ਼ ਹਿੰਸਾ ਵਿਚਕਾਰ ਵਾਇਰਲ ਹੋ ਰਹੇ ਗੁੰਮਰਾਹਕੁਨ ਵੀਡੀਓ ਦੀ ਲੜੀ ਵਿਚ ਇੱਕ ਹੋਰ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਬੁਜ਼ੁਰਗ ਨੂੰ ਇੱਕ ਤਸਵੀਰ ਨੂੰ ਗਲ 'ਚ ਪਾ ਕੇ ਧਰਨਾ ਦਿੰਦੇ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਵਿਚ ਪੁਲਿਸ ਮੁਲਾਜ਼ਮ ਉਸਨੂੰ ਉਠਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸਨ। ਦਾਅਵਾ ਕੀਤਾ ਗਿਆ ਕਿ ਮਾਮਲਾ ਬੰਗਲਾਦੇਸ਼ ਤੋਂ ਸਾਹਮਣੇ ਆਇਆ ਜਿਥੇ ਇੱਕ ਹਿੰਦੂ ਪਿਤਾ ਆਪਣੇ ਲਾਪਤਾ ਹੋਏ ਬੇਟੇ ਦੀ ਤਸਵੀਰ ਨੂੰ ਗਲ ਵਿਚ ਪਾ ਕੇ ਉਸਨੂੰ ਲੱਭਣ ਲਈ ਪ੍ਰਦਰਸ਼ਨ ਕਰ ਰਿਹਾ ਸੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਦਿੱਖ ਰਿਹਾ ਪਿਤਾ ਹਿੰਦੂ ਨਹੀਂ ਬਲਕਿ ਮੁਸਲਿਮ ਹੈ ਜੋ ਕਿ 2013 ਵਿਚ ਚੁੱਕੇ ਗਏ ਉਸਦੇ ਬੇਟੇ ਦੀ ਭਾਲ ਵਿਚ ਪ੍ਰਦਰਸ਼ਨ ਕਰ ਰਿਹਾ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
4. ਟੀਵੀ ਵਿਚ ਖਬਰ ਦੇਖ ਰਿਹਾ ਇਹ ਵਿਅਕਤੀ ਬੰਗਲਾਦੇਸ਼ੀ ਕ੍ਰਿਕੇਟਰ ਲਿਟਨ ਦਾਸ ਨਹੀਂ ਹੈ, Fact Check ਰਿਪੋਰਟ
ਬੰਗਲਾਦੇਸ਼ ਵਿਚ ਚਲ ਰਹੀ ਹਿੰਸਾ ਦੌਰਾਨ ਪਿਛਲੇ ਦਿਨਾਂ ਇੱਕ ਫਰਜ਼ੀ ਦਾਅਵਾ ਵਾਇਰਲ ਹੋਇਆ ਸੀ ਕਿ ਬੰਗਲਾਦੇਸ਼ ਕ੍ਰਿਕੇਟ ਟੀਮ ਦੇ ਹਿੰਦੂ ਖਿਡਾਰੀ ਲਿਟਨ ਦਾਸ ਦਾ ਪ੍ਰਦਰਸ਼ਨਕਾਰੀਆਂ ਨੇ ਘਰ ਫੂੰਕ ਦਿੱਤਾ। ਇਸ ਫਰਜ਼ੀ ਦਾਅਵੇ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਵੱਲੋਂ ਵੀ ਕੀਤੀ ਗਈ ਸੀ। ਹੁਣ ਇਸੇ ਲੜੀਵਾਰ ਇੱਕ ਤਸਵੀਰ ਵਾਇਰਲ ਹੋਈ। ਇਸ ਤਸਵੀਰ ਵਿਚ ਇੱਕ ਵਿਅਕਤੀ ਟੀਵੀ ਦੀ ਸਕਰੀਨ ਵੱਲ ਵੇਖ ਰਿਹਾ ਹੈ। ਟੀਵੀ ਦੀ ਸਕਰੀਨ 'ਤੇ ਲਿਖਿਆ ਹੈ, "ਬੰਗਲਾਦੇਸ਼ ਵਿਖੇ ਹਿੰਦੂ ਕ੍ਰਿਕੇਟਰ ਦਾ ਘਰ ਫੂੰਕਿਆ?"
ਹੁਣ ਇਸ ਤਸਵੀਰ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਤਸਵੀਰ ਵਿਚ ਕ੍ਰਿਕੇਟਰ ਲਿਟਨ ਦਾਸ ਆਪ ਹਨ ਜੋ ਕਿ ਆਪਣੇ ਘਰ ਨੂੰ ਲੈ ਕੇ ਵਾਇਰਲ ਹੋ ਰਹੀ ਫਰਜ਼ੀ ਖਬਰ ਆਪਣੇ ਘਰ ਵਿਚ ਦੇਖ ਰਹੇ ਸਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਸੀ ਅਤੇ ਤਸਵੀਰ ਵਿਚ ਲਿਟਨ ਦਾਸ ਨਹੀਂ ਬਲਕਿ ਇੱਕ ਅਦਾਕਾਰ ਹੈ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
5. ਪਸ਼ੂਆਂ ਦੇ ਰੁੜ੍ਹਨ ਦਾ ਇਹ ਵੀਡੀਓ ਬੰਗਲਾਦੇਸ਼ ਹੜ੍ਹ ਨਾਲ ਸਬੰਧਿਤ ਨਹੀਂ ਹੈ, Fact Check ਰਿਪੋਰਟ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਬੰਗਲਾਦੇਸ਼ ਵਿਖੇ ਹਿੰਦੂਆਂ ਨਾਲ ਕੀਤੀ ਬਦਸਲੂਕੀ ਤੋਂ ਬਾਅਦ ਭਿਆਨਕ ਹੜ੍ਹ ਆ ਗਈ। ਇਸ ਵੀਡੀਓ ਵਿਚ ਕਈ ਪਸ਼ੂਆਂ ਨੂੰ ਹੜ੍ਹ ਦੇ ਪਾਣੀ ਵਿਚ ਰੁੜ੍ਹਦਿਆਂ ਵੇਖਿਆ ਜਾ ਸਕਦਾ ਸੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬੰਗਲਾਦੇਸ਼ ਦਾ ਨਹੀਂ ਬਲਕਿ ਮੈਕਸੀਕੋ ਦਾ ਪੁਰਾਣਾ ਵੀਡੀਓ ਸੀ। ਮੈਕਸੀਕੋ ਦੇ ਵੀਡੀਓ ਨੂੰ ਗਲਤ ਦਾਅਵਿਆਂ ਨਾਲ ਵਾਇਰਲ ਕੀਤਾ ਗਿਆ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਿਹਾ ਸਾਡਾ ਇਸ ਹਫਤੇ ਦਾ Spokesman Fact Wrap... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ