
ਕੈਪਟਨ ਸਾਬ ਡੀਜੀਪੀ ਨੂੰ ਹੁਕਮ ਦੇਣ ਦੀ ਬਜਾਏ ਸਿਹਤ ਮਹਿਕਮੇ ਨੂੰ ਹੁਕਮ ਦੇਣ- ਪੰਧੇਰ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲਾਕਡਾਊਨ ਦੀ ਮਾਰ ਸਹਿ ਰਹੇ ਦੁਕਾਨਦਾਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੀਅਤ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਦੋਵੇਂ ਸਰਕਾਰਾਂ ਜਨਤਾ ਅਤੇ ਕਿਸਾਨਾਂ ਦਾ ਸ਼ੋਸ਼ਣ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਡੰਡੇ ਦੇ ਜ਼ੋਰ 'ਤੇ ਮਹਾਂਮਾਰੀ ਨਾਲ ਨਹੀਂ ਲੜਿਆ ਜਾ ਸਕਦਾ।
Lockdown
ਉਹਨਾਂ ਕਿਹਾ ਕਿ ਕੈਪਟਨ ਸਰਕਾਰ ਅਪਣੇ ਆਪ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੀ ਸੀ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਸੀ। ਪਰ ਹੁਣ ਕੈਪਟਨ ਸਰਕਾਰ ਮੋਦੀ ਸਰਕਾਰ ਦੇ ਰਾਹ ’ਤੇ ਤੁਰ ਪਈ ਹੈ। ਕੋਰੋਨਾ ਮਹਾਂਮਾਰੀ ਦੇ ਨਾਂਅ ’ਤੇ ਕਿਸਾਨੀ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਰਕਾਰਾਂ ਕੋਲ ਲੋਕਾਂ ਲਈ ਕੋਈ ਸਹੂਲਤ ਨਹੀਂ ਹੈ। ਇਸ ਦੇ ਉਲਟ ਸਰਕਾਰ ਦੋਹਰੀ ਰਣਨੀਤੀ ਅਪਣਾ ਰਹੀ ਹੈ। ਸਰਕਾਰ ਵੱਲੋਂ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ।
Sarvan Singh Pandher
ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਨੂੰ ਇਸ ਮਹਾਂਮਾਰੀ ਸਮੇਂ ਜਨਤਾ ਪ੍ਰਤੀ ਫਰਜ਼ ਨਿਭਾਉਂਦਿਆਂ ਉਹਨਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਡੀਜੀਪੀ ਨੂੰ ਹੁਕਮ ਦੇਣ ਦੀ ਬਜਾਏ ਸਿਹਤ ਵਿਭਾਗ ਨੂੰ ਹੁਕਣ ਦੇਣ। ਉਹਨਾਂ ਕਿਹਾ ਕਿ ਲੋਕਤੰਤਰ ਵਿਚ ਸਰਕਾਰ ਦੀ ਲੋਕਾਂ ਪ੍ਰਤੀ ਜਵਾਬਦੇਹੀ ਹੁੰਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਮੱਸਿਆਵਾਂ ਦਾ ਹੱਲ ਲੱਭਿਆ ਜਾਵੇ।
Corona virus
ਉਹਨਾਂ ਨੇ ਸਵਾਲ ਕਰਦਿਆਂ ਪੁੱਛਿਆ ਕਿ ਜੇਕਰ ਕੋਈ ਮੰਤਰੀ ਜਾਂ ਐਮਐਲਏ ਕੇਰੋਨਾ ਦਾ ਸ਼ਿਕਾਰ ਹੋਵੇ ਤਾ ਉਸ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ਵਿਚ ਕੀਤਾ ਜਾਂਦਾ ਅਤੇ ਦੇਸ਼ ਦੀ ਜਨਤਾ ਸਰਕਾਰੀ ਹਸਪਤਾਲਾਂ ਵਿਚ ਧੱਕੇ ਖਾ ਰਹੀ ਹੈ। ਪੰਧੇਰ ਨੇ ਕਿਹਾ ਕਿ ਜੇਕਰ ਹੁਣ ਵੀ ਸਰਕਾਰਾਂ ਨਾ ਜਾਗੀਆਂ ਅਤੇ ਕਿਸਾਨਾਂ ਤੇ ਦੁਕਾਨਦਾਰਾਂ ਉੱਤੇ ਤਸ਼ੱਦਦ ਕੀਤਾ ਤਾਂ ਆਉਣ ਵਾਲੀਆਂ ਚੋਣਾਂ ਵਿਚ ਇਸ ਦਾ ਜਵਾਬ ਦਿੱਤਾ ਜਾਵੇਗਾ।