
ਭਾਰਤ ਦਾ ਕਿਸਾਨ ਜੋ ਅੰਨਦਾਤਾ ਕਿਹਾ ਜਾਂਦਾ ਹੈ ਅੱਜ ਸੜਕਾਂ 'ਤੇ ਰੁਲ ਰਿਹਾ ਹੈ। ਧਰਨੇ, ਮੁਜ਼ਾਹਰੇ, ਹੜਤਾਲਾਂ ਅੱਜ ਕਿਸਾਨ ਦੇ ਪੱਲੇ ਰਹਿ ਗਈਆਂ ਹਨ...........
ਚੰਡੀਗੜ੍ਹ : ਭਾਰਤ ਦਾ ਕਿਸਾਨ ਜੋ ਅੰਨਦਾਤਾ ਕਿਹਾ ਜਾਂਦਾ ਹੈ ਅੱਜ ਸੜਕਾਂ 'ਤੇ ਰੁਲ ਰਿਹਾ ਹੈ। ਧਰਨੇ, ਮੁਜ਼ਾਹਰੇ, ਹੜਤਾਲਾਂ ਅੱਜ ਕਿਸਾਨ ਦੇ ਪੱਲੇ ਰਹਿ ਗਈਆਂ ਹਨ। ਇਸ ਦੇ ਬਾਵਜੁਦ ਸਰਕਾਰਾਂ ਕਿਸਾਨ ਦੇ ਦੁੱਖ ਨੂੰ ਨਹੀਂ ਸਮਝ ਰਹੀਆਂ ਜਾਂ ਜਾਣ ਬੁੱਝ ਕੇ ਅਣਗੌਲਿਆਂ ਕੀਤਾ ਜਾ ਰਿਹਾ ਹੈ। ਹਰ ਰੋਜ਼ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਕੀਤੇ ਜਾ ਰਹੇ ਹਨ ਪਰ ਇਹ ਵਾਅਦੇ ਵਫ਼ਾ ਕਦ ਹੋਣਗੇ ਇਸ ਬਾਰੇ ਕੋਈ ਨਹੀਂ ਜਾਣਦਾ। ਹੁਣ ਤਾਂ ਦੁਨੀਆਂ ਦੇ ਆਰਥਕ ਮਾਹਰ ਵੀ ਇਹ ਮੰਨਣ ਲੱਗ ਪਏ ਹਨ ਕਿ ਭਾਰਤ ਵਿਚ ਖੇਤੀਬਾੜੀ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ ਅਤੇ ਇਸ ਨੂੰ ਬਚਾਉਣ ਲਈ ਸਾਰਥਕ ਉਪਰਾਲੇ
ਵੀ ਨਹੀਂ ਕੀਤੇ ਜਾ ਰਹੇ। 36 ਦੇਸ਼ਾਂ ਦੇ ਸਮੂਹ ਨਾਲ ਬਣੀ ਆਰਥਕ ਸਹਿਕਾਰਤਾ ਅਤੇ ਵਿਕਾਸ ਸੰਸਥਾ (ਓ ਈ ਸੀ ਡੀ) ਦੀ ਪਿਛਲੇ ਦਿਨੀਂ ਸਾਹਮਣੇ ਆਈ ਰੀਪੋਰਟ ਵਿਚ ਵੀ ਇਹੀ ਦਰਸਾਇਆ ਗਿਆ ਹੈ ਕਿ ਭਾਰਤੀ ਕਿਸਾਨ ਪਿਛਲੇ ਦਸ ਸਾਲਾਂ ਤੋਂ ਖੇਤੀ ਲਗਾਤਾਰ ਘਾਟੇਵੰਦੀ ਹੋ ਰਹੀ ਹੈ ਅਤੇ 2014¸16 ਦੌਰਾਨ ਇਹ ਘਾਟਾ ਹੋਰ ਵਧਿਆ ਹੈ। ਇਸ ਦਾ ਮੁੱਖ ਕਾਰਨ ਸਰਕਾਰੀ ਨੀਤੀ ਦਸਿਆ ਗਿਆ ਹੈ ਕਿ ਕਿਵੇਂ ਮੁਦਰਾ ਸਫਿਤੀ ਨੂੰ ਕੰਟਰੋਲ ਵਿਚ ਰੱਖਣ ਲਈ ਅਨਾਜ ਦੀਆਂ ਕੀਮਤਾਂ ਘੱਟ ਰੱਖੀਆਂ ਗਈਆਂ ਜਿਸ ਕਰ ਕੇ ਕਿਸਾਨ ਨੂੰ ਉਸ ਦੀਆਂ ਫ਼ਸਲਾਂ ਦਾ ਪੂਰਾ ਮੁਲ ਨਹੀਂ ਮਿਲਿਆ। ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ ਨਾਲੋਂ ਕਿਤੇ ਵਧੇਰੇ ਸਰਕਾਰ
ਉਨ੍ਹਾਂ ਕੋਲੋਂ ਲੁਕਵੇਂ ਟੈਕਸਾਂ ਰਾਹੀਂ ਵਸੂਲ ਕਰ ਰਹੀ ਹੈ ਜਿਸ ਕਰ ਕੇ ਕਿਸਾਨੀ ਸਬਸਿਡੀ ਇਸ ਵੇਲੇ ਨੈਗੇਟਿਵ 6 ਫ਼ੀ ਸਦੀ ਹੈ ਜੋ ਕਿ ਕਿਸਾਨੀ ਲਈ ਮੰਦਭਾਗਾ ਹੈ। ਇਸ ਤੋਂ ਬਿਨਾਂ ਸਰਕਾਰ ਵਿਦੇਸ਼ੀ ਨਿਵੇਸ਼ ਨੂੰ ਵੀ ਹੋਰ ਉਦਯੋਗਿਕ ਧੰਦਿਆਂ ਅਤੇ ਹੋਰ ਪਾਸੇ ਲਗਾ ਰਹੀ ਹੈ ਅਤੇ ਖੇਤੀਬਾੜੀ ਵਿਚ ਨਿਵੇਸ਼ ਨਾ ਮਾਤਰ ਹੋਇਆ ਹੈ ਜਿਸ ਕਰ ਕੇ ਕਿਸਾਨ ਲਗਾਤਾਰ ਕਰਜ਼ ਹੇਠ ਆਉਂਦਾ ਗਿਆ।
ਇਸ ਰੀਪੋਟ ਦੇ ਸਾਹਮਣੇ ਸਰਕਾਰਾਂ ਦੇ ਉਹ ਵਾਅਦੇ ਧਰੇ ਧਰਾਏ ਰਹਿ ਜਾਂਦੇ ਹਨ ਜਿਸ ਵਿਚ ਕਿਸਾਨਾਂ ਦੀ ਚੰਗੀ ਆਮਦਨੀ ਅਤੇ ਫ਼ਸਲਾਂ ਦੇ ਸਹੀ ਰੇਟ ਦੇਣ ਦੀ ਗੱਲ ਕੀਤੀ ਜਾਂਦੀ ਹੈ। ਜੋ ਵੀ ਹੋਵੇ ਕਿਸਾਨੀ ਲਈ ਇਸ ਰੀਪੋਰਟ ਵਿਚ ਜੋ ਅੰਕੜੇ ਸਾਹਮਣੇ ਆਏ ਹਨ ਉਹ ਚਿੰਤਾਜਨਕ ਹਨ ਅਤੇ ਸਰਕਾਰਾਂ ਨੂੰ ਇਸ ਬਾਰੇ ਗੰਭੀਰਤਾ ਨਾਲ ਕੰਮ ਕਰਨਾ ਪਵੇਗਾ।