
ਜੀਵਾਣੂ ਖਾਦ, ਉਹ ਖਾਦ ਹੁੰਦੀ ਹੈ ਜਿਸ ਵਿਚ ਸੂਖਮ ਜੀਵ ਹੁੰਦੇ ਹਨ ਜਿਨ੍ਹਾਂ ਨਾਲ ਪੌਦਿਆਂ ਨੂੰ ਖ਼ੁਰਾਕੀ ਤੱਤ ਮੁਹਈਆ ਕਰਵਾਏ ਜਾਂਦੇ ਹਨ।
ਚੰਡੀਗੜ੍ਹ: ਜੀਵਾਣੂ ਖਾਦ, ਉਹ ਖਾਦ ਹੁੰਦੀ ਹੈ ਜਿਸ ਵਿਚ ਸੂਖਮ ਜੀਵ ਹੁੰਦੇ ਹਨ ਜਿਨ੍ਹਾਂ ਨਾਲ ਪੌਦਿਆਂ ਨੂੰ ਖ਼ੁਰਾਕੀ ਤੱਤ ਮੁਹਈਆ ਕਰਵਾਏ ਜਾਂਦੇ ਹਨ। ਇਹ ਜੀਵਾਣੂ ਹਵਾ ਵਿਚਲੀ ਨਾਈਟ੍ਰੋਜਨ ਨੂੰ ਉਪਲਬਧ ਕਰਵਾਉਣ ਜਾਂ ਮਿੱਟੀ ਵਿਚੋਂ ਅਣਘੁਲੀ ਫ਼ਾਸਫ਼ੋਰਸ ਨੂੰ ਘੁਲਣਸ਼ੀਲ ਬਣਾਉਣ ਵਿਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਸੂਖਮ ਜੀਵਾਂ ਦੀਆਂ ਕਿਰਿਆਵਾਂ ਨਾਲ ਕਈ ਹਾਰਮੋਨ ਬਣਦੇ ਹਨ ਜੋ ਕਿ ਪੌਦਿਆਂ ਨੂੰ ਵਧਣ ਫੁਲਣ ਵਿਚ ਮਦਦ ਕਰਦੇ ਹਨ ਅਤੇ ਇਹ ਜੀਵਾਣੂ ਖਾਦ ਮਿੱਟੀ ਦੀ ਸਿਹਤ ਵਿਚ ਸੁਧਾਰ ਕਰਦੇ ਹਨ।
Bacterial fertilizers
ਜੀਵਾਣੂ ਖਾਦ ਵਰਤਣ ਦੇ ਢੰਗ: ਬੀਜ ਨੂੰ ਲਗਾਉਣਾ (ਮੱਕੀ, ਕਣਕ, ਗਰਮ ਰੁੱਤ ਮੁੰਗੀ, ਮਾਂਹ, ਛੋਲੇ, ਮਸਰ, ਮਟਰ, ਮੁੰਗੀ, ਅਰਹਰ, ਸੋਇਆਬੀਨ, ਬਰਸੀਮ ਅਤੇ ਲੁਸਰਨ) ਇਕ ਏਕੜ ਲਈ ਸਿਫ਼ਾਰਸ਼ ਜੀਵਾਣੂ ਖਾਦ ਦੇ ਪੈਕਟ ਨੂੰ ਅੱਧਾ ਲੀਟਰ ਪਾਣੀ ਵਿਚ ਘੋਲ ਲਵੋ। ਉਪਰੰਤ ਜੀਵਾਣੂ ਖਾਦ ਦੇ ਘੋਲ ਅਤੇ ਬੀਜਾਂ ਨੂੰ ਸਾਫ਼ ਫ਼ਰਸ਼ 'ਤੇ ਜਾਂ ਤਰਪਾਲ ਉਤੇ ਚੰਗੀ ਤਰ੍ਹਾਂ ਮਿਲਾ ਲਵੋ। ਬੀਜ ਨੂੰ ਛਾਵੇਂ ਸੁਕਾ ਕੇ ਜਲਦੀ ਬੀਜ ਦੇਵੋ।
Bacterial fertilizers
ਮਿੱਟੀ ਵਿਚ ਲਗਾਉਣਾ (ਕਮਾਦ, ਹਲਦੀ, ਆਲੂ ਅਤੇ ਪਿਆਜ਼): ਫ਼ਸਲ ਬੀਜਣ ਤੋਂ ਪਹਿਲਾਂ ਜੀਵਾਣੂ ਖਾਦ ਨੂੰ ਮਿੱਟੀ ਵਿਚ ਮਿਲਾ ਕੇ ਸਿਆੜਾਂ ਵਿਚ ਪਾਉ। ਪਨੀਰੀ ਨੂੰ ਲਗਾਉਣਾ (ਝੋਨਾ): ਇਕ ਏਕੜ ਲਈ ਸਿਫ਼ਾਰਸ਼ ਕੀਤੇ ਜੀਵਾਣੂ ਖਾਦ ਦੇ ਪੈਕਟ ਨੂੰ ਦਸ ਲੀਟਰ ਪਾਣੀ ਵਿਚ ਘੋਲ ਲਉ ਅਤੇ ਇਕ ਏਕੜ ਦੀ ਪਨੀਰੀ ਨੂੰ 45 ਮਿੰਟ ਲਈ ਘੋਲ ਵਿਚ ਰੱਖਣ ਤੋਂ ਬਾਅਦ ਬੀਜ ਦਿਉ।
Bacterial fertilizers
ਜੀਵਾਣੂ ਖਾਦ ਵਰਤਣ ਸਮੇਂ ਸਾਵਧਾਨੀਆਂ
- ਫ਼ਸਲ ਅਨੁਸਾਰ ਸਿਫ਼ਾਰਸ਼ ਕੀਤੀ ਜੀਵਾਣੂ ਖਾਦ ਹੀ ਵਰਤੋ।
- ਜੀਵਾਣੂ ਖਾਦ ਦਾ ਲਿਫ਼ਾਫ਼ਾ ਧੁੱਪ ਅਤੇ ਗਰਮੀ ਤੋਂ ਦੂਰ ਠੰਢੀ ਥਾਂ 'ਤੇ ਹੀ ਰੱਖੋ ਅਤੇ ਲਗਾਉਣ ਸਮੇਂ ਹੀ ਖੋਲ੍ਹੋ।
- ਜੀਵਾਣੂ ਖਾਦ ਨੁੰ ਮਿਆਦ ਪੁਗਣ ਤੋਂ ਪਹਿਲਾਂ ਹੀ ਵਰਤੋ।
- ਬੀਜਾਂ ਨੂੰ ਜੀਵਾਣੂ ਖਾਦ ਲਾਉਣ ਤੋਂ ਬਾਅਦ ਧੁੱਪ ਵਿਚ ਨਾ ਰੱਖੋ ਅਤੇ ਬਿਜਾਈ ਜਲਦੀ ਕਰ ਦਿਉ।
- ਸਿਫ਼ਾਰਸ਼ ਕੀਤੀਆਂ ਗਈਆਂ ਜੀਵਾਣੂ ਖਾਦਾਂ ਪੰਜਾਬ ਖੇਤੀਬਾੜੀ ਯੂਨੀਵਰਸਟੀ, ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਮਿਲਦੀਆਂ ਹਨ।