
ਕਿਹਾ- ਅਜਿਹੇ 'ਚ ਥਾਂ-ਥਾਂ ਅੰਦੋਲਨ ਸ਼ੁਰੂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ
ਚੰਡੀਗੜ੍ਹ: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਰਕਾਰਾਂ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਹੈ ਕਿ ਪੰਜਾਬ 'ਚ ਕਿਸਾਨਾਂ ਨੇ ਮੁੜ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਦੇ ਹਾਲਾਤ ਅਤੇ ਨੀਅਤ ਠੀਕ ਨਹੀਂ ਹੈ। ਅਜਿਹੇ 'ਚ ਥਾਂ-ਥਾਂ ਅੰਦੋਲਨ ਸ਼ੁਰੂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਪਹੁੰਚੇ ਰਾਕੇਸ਼ ਟਿਕੈਤ ਨੇ ਇਹ ਬਿਆਨ ਦਿੱਤਾ ਹੈ।
ਉਹਨਾਂ ਕਿਹਾ, “ਪੰਜਾਬ ਵਿਚ ਕਿਸਾਨ ਅੰਦੋਲਨ 'ਤੇ ਬੈਠੇ ਹਨ। ਸਰਕਾਰ ਦੇ ਹਾਲਾਤ ਮਾੜੇ ਹਨ। ਹੁਣ ਹਰ ਪਾਸੇ ਅੰਦੋਲਨ ਹੋਣਗੇ। ਕੇਂਦਰ ਸਰਕਾਰ ਠੀਕ ਨਹੀਂ ਚੱਲ ਰਹੀ। ਜੇਕਰ ਨੀਤੀ ਸਹੀ ਨਹੀਂ ਹੈ ਤਾਂ ਅਜਿਹਾ ਕਰਨਾ ਪਵੇਗਾ। ਸੂਚਨਾ ਮਿਲਦੇ ਹੀ ਕਿਸਾਨ ਇਕੱਠੇ ਹੋ ਜਾਂਦੇ ਹਨ। ਇਹ ਦਰਸਾਉਂਦਾ ਹੈ ਕਿ ਉਹ ਅੰਦੋਲਨ ਦੇ ਮੂਡ ਵਿਚ ਹਨ”।
ਉਹਨਾਂ ਕਿਹਾ ਕਿ ਸਰਕਾਰ ਨੇ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਛੋਟੇ ਵਪਾਰੀ ਇਸ ਨਾਲ ਮਰ ਜਾਣਗੇ। ਇਸ ਵਾਰ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਸਹੀ ਮਿਲ ਰਹੀ ਸੀ। ਕਿਸਾਨ ਨੂੰ ਵੀ ਦੋ ਪੈਸੇ ਦਾ ਫਾਇਦਾ ਹੋਣਾ ਸੀ। ਸਾਡੇ ਕੋਲ ਮੋਟੇ ਅਨਾਜ ਦੀ ਕੋਈ ਕਮੀ ਨਹੀਂ ਹੈ। ਸਾਡੇ ਕੋਲ ਬਹੁਤ ਜ਼ਿਆਦਾ ਅਨਾਜ ਹੈ। ਇਹਨਾਂ ਵਿਚ ਕਣਕ, ਮੱਕੀ ਅਤੇ ਝੋਨਾ ਸ਼ਾਮਲ ਹਨ। ਜੇਕਰ ਭਾਅ ਸਹੀ ਰਿਹਾ ਤਾਂ ਕਿਸਾਨ ਅਗਲੇ ਸਾਲ ਉਸ ਫ਼ਸਲ ਨੂੰ ਹੋਰ ਮਾਤਰਾ ਵਿਚ ਪੈਦਾ ਕਰਨਗੇ। ਜਦੋਂ ਅੰਤਰਰਾਸ਼ਟਰੀ ਮੰਡੀ ਵਿਚੋਂ ਕਣਕ ਦੀ ਵਿਕਰੀ ਤੋਂ ਮੁਨਾਫ਼ਾ ਹੁੰਦਾ ਹੈ ਤਾਂ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ। ਟਿਕੈਤ ਨੇ ਕਿਹਾ ਕਿ ਸਰਕਾਰ ਲਗਾਤਾਰ ਵਾਅਦਾਖ਼ਿਲਾਫ਼ੀ ਕਰ ਰਹੀ ਹੈ। ਕਹਿੰਦੀ ਕੁਝ ਹੈ ਅਤੇ ਕਰਦੀ ਕੁਝ ਹੈ। ਮੈਨੀਫੈਸਟੋ ਵਿਚ ਜੋ ਹੁੰਦਾ ਹੈ ਉਸ ਉੱਤੇ ਕੰਮ ਨਹੀਂ ਕਰਦੀ।