
ਖੇਤੀ 'ਚ ਰੁਜ਼ਗਾਰ ਨਹੀਂ ਚਾਹੁੰਦੀ ਨਵੀਂ ਪੀੜ੍ਹੀ
ਇਕ ਤਾਜ਼ਾ ਸਰਵੇਖਣ 'ਚ ਕਿਹਾ ਗਿਆ ਹੈ ਕਿ ਦੇਸ਼ ਦੀ ਮਿਲੇਨੀਅਮ ਪੀੜ੍ਹੀ (1981 ਤੋਂ 1996 ਦੌਰਾਨ ਜਨਮ ਲੈਣ ਵਾਲੀ ਪੀੜ੍ਹੀ) ਦਾ ਖੇਤੀਬਾੜੀ ਖੇਤਰ 'ਚ ਕਰੀਅਰ ਬਣਾਉਣ ਪ੍ਰਤੀ ਸੱਭ ਤੋਂ ਘੱਟ ਝੁਕਾਅ ਹੈ। ਅਜਿਹਾ ਉਨ੍ਹਾਂ 'ਚ ਰੁਜ਼ਗਾਰ ਸੁਰੱਖਿਆ ਦੀ ਕਮੀ, ਖੇਤਰ ਦੀਆਂ ਸੰਭਾਵਨਾਵਾਂ ਬਾਰੇ ਜਾਗਰੂਕਤਾ ਦੀ ਕਮੀ ਅਤੇ ਉੱਦਮਸ਼ੀਲਤਾ ਦੀ ਭਾਵਨਾ ਦੀ ਕਮੀ ਕਰ ਕੇ ਹੈ। ਇਸ 'ਚ ਕਿਹਾ ਗਿਆ ਹੈ ਕਿ ਕੈਲੰਡਰ ਵਰ੍ਹੇ 2017 ਦੌਰਾਨ ਹਰ ਹਫ਼ਤੇ ਖੇਤੀ ਨਾਲ ਸਬੰਧਤ ਨੌਕਰੀਆਂ ਦੀ ਭਾਲ ਕਰਨ 'ਚ ਔਸਤ 25 ਫ਼ੀ ਸਦੀ ਦੀ ਕਮੀ ਕਰਜ ਕੀਤੀ ਗਈ ਸੀ। ਸਰਵੇਖਣ 'ਚ ਇਹ ਵੀ ਕਿਹਾ ਗਿਆ ਹੈ ਕਿ ਜਿਸ ਤੇਜ਼ ਰਫ਼ਤਾਰ ਨਾਲ ਕਿਸਾਨ ਮਸ਼ੀਨੀਕਰਨ ਵਲ ਵਧੇ ਹਨ ਉਸ ਨੂੰ ਵੇਖਦਿਆਂ ਮਾਹਰਾਂ ਦਾ ਮੰਨਣਾ ਹੈ ਕਿ ਇਹ ਸਥਿਤੀ ਸਰਕਾਰ ਦੇ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਟੀਚੇ ਅਨੁਸਾਰ ਹੈ।ਨੌਕਰੀਆਂ ਬਾਰੇ ਵੈੱਬਸਾਈਟ ਇਨਡੀਡ ਵਲੋਂ ਕਰਵਾਏ ਇਸ ਸਰਵੇਖਣ ਅਨੁਸਾਰ 21 ਤੋਂ 25 ਸਾਲ ਤਕ ਦੀ ਉਮਰ ਵਾਲੇ ਨੌਕਰੀ ਲਭਦੇ ਮਿਲੇਨੀਅਮ ਪੀੜ੍ਹੀ ਦੇ ਨੌਜਵਾਨ ਖੇਤੀ ਦੇ ਖੇਤਰ 'ਚ ਨੌਕਰੀ ਨਹੀਂ ਚਾਹੁੰਦੇ। ਇਕ ਬਿਆਨ 'ਚ ਕਿਹਾ ਗਿਆ ਹੈ ਕਿ ਨੌਕਰੀ ਦੀ ਸੁਰੱਖਿਆ ਦੀ ਕਮੀ, ਇਸ ਖੇਤਰ ਦੀਆਂ ਸੰਭਾਵਨਾਵਾਂ ਬਾਰੇ ਘੱਟ ਜਾਗਰੂਕਤਾ ਅਤੇ ਉੱਦਮਸ਼ੀਲਤਾ ਦੀ ਭਾਵਨਾ ਦੀ ਕਮੀ ਨੂੰ ਇਸ ਖੇਤਰ 'ਚ ਨਵੇਂ ਸਟਾਰਟਅੱਪ ਦੇ ਦਾਖ਼ਲੇ ਲਈ ਵੱਡਾ ਰੇੜਕਾ ਮੰਨਿਆ ਜਾਂਦਾ ਹੈ।
Agriculture
ਇਸ 'ਚ ਕਿਹਾ ਗਿਆ ਹੈ ਕਿ ਹਾਲਾਂਕਿ 31 ਤੋਂ 35 ਸਾਲ ਤਕ ਦੇ ਨੌਜਵਾਨ ਇਸ ਖੇਤਰ ਦੀਆਂ ਨੌਕਰੀਆਂ ਪ੍ਰਤੀ ਔਸਤ ਦਰ ਤੋਂ ਜ਼ਿਆਦਾ ਚਾਹਵਾਨ ਹਨ। ਉਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਸ਼ਾਇਦ ਇਨ੍ਹਾਂ ਰੇੜਕਿਆਂ ਨੂੰ ਦੂਰ ਕਰਨ ਲਈ ਜ਼ਰੂਰੀ ਗਿਆਨ ਅਤੇ ਹੁਨਰ ਹਾਸਲ ਕਰ ਲਿਆ ਹੈ। ਸਰਵੇਖਣ ਇਸ ਗੱਲ ਵਲ ਵੀ ਸੰਕੇਤ ਕਰਦਾ ਹੈ ਕਿ 2007 ਤੋਂ ਇਸ ਖੇਤਰ 'ਚ ਲੱਗੇ ਨੌਜਵਾਨਾਂ ਦੀ ਗਿਣਤੀ 'ਚ ਚਾਰ ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਹ ਸਾਰੇ ਅੰਕੜੇ ਇਸ ਖੇਤਰ 'ਚ ਰੁਜ਼ਗਾਰ 'ਚ ਸੰਭਾਵਤ ਵਾਧਾ ਹੋਣ ਵਲ ਇਸ਼ਾਰਾ ਕਰਦੇ ਹਨ। ਬਸ਼ਰਤੇ ਤਿਆਰ ਹੋਈਆਂ ਨੌਕਰੀਆਂ ਨੂੰ ਰਸਮੀ ਰੂਪ ਦਿਤਾ ਜਾ ਸਕੇ। ਖੇਤੀ ਦੇ ਖੇਤਰ 'ਚ ਵਿਕਾਸ ਅਤੇ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਵੇਖਦਿਆਂ ਸਮੇਂ ਦੀ ਮੰਗ ਹੈ ਕਿ ਨੌਕਰੀ ਚਾਹੁਣ ਵਾਲਿਆਂ ਨੂੰ ਖੇਤੀ ਅਤੇ ਖੇਤੀਬਾੜੀ ਸਬੰਧੀ ਬਾਜ਼ਾਰ 'ਚ ਜਾਣ ਲਈ ਉਤਸ਼ਾਹਿਤ ਕੀਤਾ ਜਾਵੇ।ਇਨਡੀਡ ਇੰਡੀਆ ਦੇ ਐਮ.ਡੀ. ਸ਼ਸ਼ੀ ਕੁਮਾਰ ਨੇ ਕਿਹਾ ਕਿ ਅੱਜ ਭਾਰਤ 'ਚ ਸਰਕਾਰ ਵਲੋਂ ਦੇਸ਼ ਦੀ ਪੈਦਾਵਾਰ ਸਮਰਥਾ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਵੇਖਦਿਆਂ ਕਰੀਅਰ ਬਣਾਉਣ ਦੇ ਲਿਹਾਜ਼ ਨਾਲ ਖੇਤੀ ਇਕ ਵਧੀਆ ਚੋਣ ਹੈ। (ਪੀਟੀਆਈ)