
ਕਿਹਾ, ਕਿਸੇ ਵੀ ਤਰ੍ਹਾਂ ਦੀ ਅਸ਼ਾਂਤੀ ਪੈਦਾ ਕਰਨਾ ਸਾਡਾ ਇਰਾਦਾ ਨਹੀਂ
Farmers Protest: ਕਿਸਾਨ ਬੁੱਧਵਾਰ ਨੂੰ ਅਪਣਾ 'ਦਿੱਲੀ ਚੱਲੋ' ਮਾਰਚ ਮੁੜ ਸ਼ੁਰੂ ਕਰ ਰਹੇ ਹਨ। ਕਿਸਾਨ ਹਰਿਆਣਾ ਅਤੇ ਪੰਜਾਬ ਦੀ ਸ਼ੰਭੂ ਹੱਦ 'ਤੇ ਹਨ ਅਤੇ ਇਥੋਂ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਅਸੀਂ ਅਸ਼ਾਂਤੀ ਪੈਦਾ ਨਹੀਂ ਕਰਨਾ ਚਾਹੁੰਦੇ। ਕਿਸਾਨ ਦਿਨ-ਰਾਤ ਮਿਹਨਤ ਕਰਦੇ ਹਨ, ਜੇਕਰ ਉਨ੍ਹਾਂ ਨੂੰ ਰੋਕਣ ਲਈ ਵੱਡੇ-ਵੱਡੇ ਬੈਰੀਕੇਡ ਲਾਏ ਜਾ ਰਹੇ ਹਨ ਤਾਂ ਇਹ ਠੀਕ ਨਹੀਂ ਹੈ।
ਡੱਲੇਵਾਲ ਨੇ ਕਿਹਾ, “ਸਾਡਾ ਇਰਾਦਾ ਕਿਸੇ ਵੀ ਤਰ੍ਹਾਂ ਨਾਲ ਅਸ਼ਾਂਤੀ ਪੈਦਾ ਕਰਨਾ ਨਹੀਂ ਹੈ ਅਤੇ ਨਾ ਹੀ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਅਜਿਹਾ ਕਰਨਾ ਹੈ। ਪਰ ਗੱਲ ਇਹ ਹੈ ਕਿ ਅਸੀਂ ਦਿੱਲੀ ਜਾਣ ਦੀ ਯੋਜਨਾ ਬਣਾਈ ਸੀ ਅਤੇ ਇਹ ਯੋਜਨਾ ਅੱਜ ਨਹੀਂ ਬਣੀ। 7 ਨਵੰਬਰ ਨੂੰ ਅਸੀਂ ਸੱਦਾ ਦਿਤਾ ਸੀ ਕਿ ਅਸੀਂ ਦਿੱਲੀ ਜਾਵਾਂਗੇ, ਇਸ ਲਈ ਅੱਜ ਜੇਕਰ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲ ਸਮਾਂ ਘੱਟ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਰਕਾਰ ਦੀ ਟਾਲ-ਮਟੋਲ ਦੀ ਨੀਤੀ ਹੈ”।
ਉਨ੍ਹਾਂ ਕਿਹਾ, “ਸਰਕਾਰ ਨੂੰ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿਚ ਫੈਸਲਾ ਲੈਣਾ ਚਾਹੀਦਾ ਹੈ। ਦੇਸ਼ ਦੇ ਕਿਸਾਨਾਂ ਨੇ ਦਿਨ ਰਾਤ ਮਿਹਨਤ ਕਰਕੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਹੈ। ਦੇਸ਼ ਵਿਚ ਸੱਤ ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਪਰ ਅਜਿਹੇ ਹਾਲਾਤ ਵਿਚ ਜੇਕਰ ਕਿਸਾਨਾਂ ਨਾਲ ਗੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਰੋਕਣ ਲਈ ਇੰਨੇ ਵੱਡੇ ਬੈਰੀਕੇਡ ਲਗਾ ਦਿਤੇ ਜਾਣ ਤਾਂ ਇਹ ਠੀਕ ਨਹੀਂ ਹੈ”।
ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਿੱਲੀ ਵਿਚ ਕਈ ਵੱਡੇ ਫੈਸਲੇ ਲੈਂਦੇ ਹਨ ਕੀ ਅੱਜ ਉਹ ਅਪਣੇ ਕਿਸਾਨਾਂ ਲਈ ਇਕ ਬਿਆਨ ਨਹੀਂ ਦੇ ਸਕਦੇ? ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ, ਇਸ ਲਈ ਉਨ੍ਹਾਂ ਨੂੰ ਦਿੱਲੀ ਜਾਣ ਦਿਤਾ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਜੇ ਸਰਕਾਰ ਇਕ ਹੱਥ ਵਧਾਏਗੀ ਤਾਂ ਕਿਸਾਨ ਦੋ ਹੱਥ ਅੱਗੇ ਵਧਾਉਣਗੇ।
ਜੇ ਮੰਗ ਮੰਨਣ ਵਿਚ ਮੁਸ਼ਕਲ ਹੈ ਤਾਂ ਸਾਨੂੰ ਦਿੱਲੀ ਜਾਣ ਦਿਉ: ਪੰਧੇਰ
ਮਾਰਚ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਸਰਕਾਰ ਅਰਧ ਸੈਨਿਕ ਬਲਾਂ ਰਾਹੀਂ ਕਿਸਾਨਾਂ ਅਤੇ ਮਜ਼ਦੂਰਾਂ 'ਤੇ ਜ਼ੁਲਮ ਕਰ ਰਹੀ ਹੈ। ਦੇਸ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਨਰਿੰਦਰ ਮੋਦੀ ਨੂੰ ਸੰਵਿਧਾਨ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਸ਼ਾਂਤੀਪੂਰਵਕ ਦਿੱਲੀ ਜਾਣਾ ਸਾਡਾ ਹੱਕ ਹੈ।
ਪੰਧੇਰ ਨੇ ਕਿਹਾ, "ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ – ਗੈਰ-ਰਾਜਨੀਤਿਕ ਅਪਣੇ ਪ੍ਰਦਰਸ਼ਨ ਦੇ ਨੌਵਾਂ ਦਿਨ ਵਿਚ ਦਾਖਲ ਹੋ ਗਿਆ ਹੈ। ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਅਤੇ ਕਿਹਾ ਕਿ ਇਹ ਸਰਕਾਰ ਨੂੰ ਮਜ਼ਦੂਰਾਂ ਅਤੇ ਕਿਸਾਨਾਂ ਦੇ ਖੂਨ ਦੀ ਪਿਆਸੀ ਨਹੀਂ ਹੋਣਾ ਚਾਹੀਦਾ, ਮੈਨੂੰ ਨਹੀਂ ਲਗਦਾ ਕਿ ਅਸੀਂ ਅਪਣੀ ਗੱਲ ਉਨ੍ਹਾਂ ਤਕ ਪਹੁੰਚਾਉਣ ਵਿੱਚ ਸਫਲ ਹੋਏ ਹਾਂ। ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ ਜੇ ਤੁਸੀਂ ਸਾਨੂੰ ਮਾਰਨਾ ਚਾਹੁੰਦੇ ਹੋ ਤਾਂ ਮਾਰ ਦਿਉ। ਪਰ ਕਿਸਾਨ ਮਜ਼ਦੂਰਾਂ 'ਤੇ ਜ਼ੁਲਮ ਨਾ ਕਰੋ। ਅਸੀਂ ਅੱਜ ਵੀ ਪ੍ਰਧਾਨ ਮੰਤਰੀ ਨੂੰ ਪੁੱਛ ਰਹੇ ਹਾਂ। ਅੱਗੇ ਆਉ ਅਤੇ ਇਸ ਮੋਰਚੇ ਨੂੰ ਸ਼ਾਂਤੀਪੂਰਵਕ ਹੱਲ ਕਰੋ।
ਉਨ੍ਹਾਂ ਕਿਹਾ ਕਿ, "ਤੁਸੀਂ ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਦੀ ਗੱਲ ਕਰੋ ਤਾਂ ਇਸ ਮੋਰਚੇ ਨੂੰ ਸ਼ਾਂਤੀਪੂਰਨ ਰੱਖਿਆ ਜਾ ਸਕਦਾ ਹੈ, ਲੋਕਾਂ ਦੀਆਂ ਭਾਵਨਾਵਾਂ ਕਾਬੂ ਕੀਤੀਆਂ ਜਾ ਸਕਦੀਆਂ ਹਨ।” ਉਨ੍ਹਾਂ ਨੇ ਕਿਹਾ, “ਦੇਸ਼ ਅਤੇ ਦੁਨੀਆ ਜਾਣਦੀ ਹੈ ਕਿ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਦਾ ਜ਼ੁਲਮ ਕੇਂਦਰੀ ਨੀਮ ਫੌਜੀ ਬਲਾਂ ਨੇ ਕੀਤੇ ਹਨ, ਦੇਸ਼ ਕਦੇ ਇਸ ਤਰ੍ਹਾਂ ਦੀ ਸਰਕਾਰ ਨੂੰ ਮਾਫ਼ ਨਹੀਂ ਕਰੇਗਾ।” ਕਿਸਾਨ ਆਗੂ ਨੇ ਕਿਹਾ, "ਜੇ ਤੁਹਾਨੂੰ ਮੰਗ ਮੰਨਣ ਵਿਚ ਮੁਸ਼ਕਲ ਹੈ ਤਾਂ ਤੁਸੀਂ ਦੇਸ ਦੇ ਸੰਵਿਧਾਨ ਦੀ ਰਾਖੀ ਕਰੋ। ਸਾਨੂੰ ਸ਼ਾਂਤੀ ਪੂਰਵਕ ਦਿੱਲੀ ਜਾਣ ਦਿਉ। ਇਹ ਸਾਡਾ ਜਮਾਂਦਰੂ ਹੱਕ ਹੈ।"
‘ਦਿੱਲੀ ਚੱਲੋ ਮਾਰਚ’ ਤੋਂ ਪਹਿਲਾਂ ਹਰਿਆਣਾ ਪੁਲਿਸ ਦੀ ਪੋਕਲੇਨ ਤੇ JCB ਮਾਲਕਾਂ ਨੂੰ ਚਿਤਾਵਨੀ
ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਦਿੱਲੀ ਚੱਲੋ ਮਾਰਚ ਤੋਂ ਪਹਿਲਾਂ ਪੋਕਲੇਨ ਅਤੇ ਜੇਸੀਬੀ ਮਾਲਕਾਂ ਨੂੰ ਚਿਤਾਵਨੀ ਦਿਤੀ ਹੈ। ਪੁਲਿਸ ਨੇ ਟਵੀਟ ਕੀਤਾ,
‘ਪ੍ਰਦਰਸ਼ਨਕਾਰੀਆਂ ਨੂੰ ਅਪਣੇ ਉਪਕਰਨ ਨਾ ਦਿਉ ਅਤੇ ਜੇਕਰ ਦੇ ਦਿਤੇ ਨੇ ਤਾਂ ਵਾਪਸ ਲੈ ਕੇ ਆਉ। ਜੇਕਰ ਇਨ੍ਹਾਂ ਦੀ ਵਰਤੋਂ ਸੁਰੱਖਿਆ ਬਲਾਂ ਨੂੰ ਨੁਕਸਾਨ ਪਹੁੰਚਾਉਣ ਲਈ ਹੋਈ ਤਾਂ ਤੁਹਾਨੂੰ ਅਪਰਾਧਿਕ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ'।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।