
ਉਤਪਾਦਕ ਤੇ ਖਪਤਕਾਰ ਦੋਹਾਂ ਖੇਤਰਾਂ ਵਿਚ ਆਲੂ ਦਾ ਮੁੱਲ 50 ਫ਼ੀ ਸਦੀ ਘਟਿਆ
ਨਵੀਂ ਦਿੱਲੀ: ਹਾੜ੍ਹੀ ਦੀ ਚੰਗੀ ਫ਼ਸਲ ਕਾਰਨ ਉਤਪਾਦਕ ਤੇ ਖਪਤਕਾਰ ਦੋਹਾਂ ਖੇਤਰਾਂ ਵਿਚ ਆਲੂ ਦੇ ਮੁੱਲ 50 ਫ਼ੀ ਸਦੀ ਘੱਟ ਕੇ 5-6 ਰੁਪਏ ਪ੍ਰਤੀ ਕਿਲੋ ’ਤੇ ਆ ਗਏ ਹਨ। ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਹਾਲਾਂਕਿ, ਇਸ ਨਾਲ ਗਾਹਕਾਂ ਨੂੰ ਤਾਂ ਫ਼ਾਇਦਾ ਹੋ ਰਿਹਾ ਹੈ ਪਰ ਕਿਸਾਨਾਂ ਲਈ ਉਤਪਾਦਨ ਦੀ ਲਾਗਤ ਵੀ ਕਢਣਾ ਮੁਸ਼ਕਲ ਹੋ ਰਿਹਾ ਹੈ।
Potato
ਫ਼ੂਡ ਪ੍ਰੋਸੈਸਿੰਗ ਮੰਤਰਾਲਾ ਦੇ ਅੰਕੜਿਆਂ ਮੁਤਾਬਕ, ਉੱਤਰ ਪ੍ਰਦੇਸ਼, ਪਛਮੀ ਬੰਗਾਲ, ਪੰਜਾਬ, ਕਰਨਾਟਕ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਤੇ ਬਿਹਾਰ ਦੇ 60 ਪ੍ਰਮੁਖ ਆਲੂ ਉਤਪਾਦਕ ਖੇਤਰਾਂ ਵਿਚੋਂ 25 ਵਿਚ ਇਸ ਦੇ ਥੋਕ ਮੁੱਲ 20 ਮਾਰਚ ਨੂੰ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ 50 ਫ਼ੀ ਸਦੀ ਹੇਠਾਂ ਆ ਚੁਕੇ ਹਨ। 20 ਮਾਰਚ ਨੂੰ ਪੰਜਾਬ ਦੇ ਅੰਮ੍ਰਿਤਸਰ ਅਤੇ ਦਿੱਲੀ ਵਿਚ ਆਲੂ 5 ਰੁਪਏ ਪ੍ਰਤੀ ਕਿਲੋ ’ਤੇ ਸਨ। ਇਸ ਦਾ ਵੱਧ ਤੋਂ ਵੱਧ ਮੁੱਲ ਚੇਨਈ ਵਿਚ 17 ਰੁਪਏ ਪ੍ਰਤੀ ਕਿਲੋ ਸੀ।
Potato
ਇਸੇ ਤਰ੍ਹਾਂ ਦਾ ਕੁਝ ਰੁਖ਼ ਪ੍ਰਚੂਨ ਬਾਜ਼ਾਰਾਂ ਵਿਚ ਵੀ ਰਿਹਾ। ਖਪਤਕਾਰ ਮਾਮਲਿਆਂ ਦੇ ਅੰਕੜਿਆਂ ਮੁਤਾਬਕ, 20 ਮਾਰਚ ਨੂੰ ਆਲੂ ਦਾ ਮਾਡਲ ਪ੍ਰਚੂਨ ਮੁੱਲ 10 ਰੁਪਏ ਕਿਲੋ ਦੇ ਹੇਠਲੇ ਪੱਧਰ ’ਤੇ ਸੀ। ਇਕ ਸਾਲ ਪਹਿਲਾਂ ਇਹ 20 ਰੁਪਏ ਪ੍ਰਤੀ ਕਿਲੋ ਸੀ। ਇਸ ਸਾਲ ਆਲੂ ਦੀ ਫ਼ਸਲ ਚੰਗੀ ਹੋਣ ਨਾਲ ਮੰਡੀਆਂ ਵਿਚ ਆਮਦ ਚੰਗ ਰਹੀ, ਜਿਸ ਕਾਰਨ ਮੁੱਲ ਡਿੱਗੇ ਹਨ। ਉੱਥੇ ਹੀ, ਖੇਤੀਬਾੜੀ ਮੰਤਰਾਲਾ ਕਿਸਾਨਾਂ ਨੂੰ ਚੰਗਾ ਮੁੱਲ ਦਿਵਾਉਣ ਲਈ ਕਿਸੇ ਪ੍ਰਸਤਾਵ ’ਤੇ ਵਿਚਾਰ ਕਰ ਰਿਹਾ ਹੈ।