
ਮੁਲਕ 'ਚ ਸੱਭ ਤੋਂ ਵੱਡੇ ਮੰਡੀ ਸਿਸਟਮ ਵਾਲੇ ਪੰਜਾਬ ਸੂਬੇ 'ਚ ਮੌਸਮ ਦੀ ਗਰਮੀ ਵਧਣ ਨਾਲ ਕਣਕ ਦੀ ਕਟਾਈ ਅਤੇ 4 ਹਜ਼ਾਰ ਖਰੀਦ ਕੇਂਦਰਾਂ 'ਚ ਫ਼ਸਲ ਦੀ ਆਮਦ
ਚੰਡੀਗੜ੍ਹ, 23 ਅਪ੍ਰੈਲ (ਜੀ.ਸੀ. ਭਾਰਦਵਾਜ) : ਮੁਲਕ 'ਚ ਸੱਭ ਤੋਂ ਵੱਡੇ ਮੰਡੀ ਸਿਸਟਮ ਵਾਲੇ ਪੰਜਾਬ ਸੂਬੇ 'ਚ ਮੌਸਮ ਦੀ ਗਰਮੀ ਵਧਣ ਨਾਲ ਕਣਕ ਦੀ ਕਟਾਈ ਅਤੇ 4 ਹਜ਼ਾਰ ਖਰੀਦ ਕੇਂਦਰਾਂ 'ਚ ਫ਼ਸਲ ਦੀ ਆਮਦ ਰੋਜ਼ਾਨਾ 6 ਲੱਖ ਟਨ ਤਕ ਹੋਣ ਕਰ ਕੇ ਖਰੀਦ 'ਚ ਤੇਜ਼ੀ ਆ ਗਈ ਹੈ। ਪਿਛਲੇ ਹਫ਼ਤੇ ਬੁਧਵਾਰ ਤੋਂ ਸ਼ੁਰੂ ਕੀਤੀ ਟੋਕਨ-ਪਾਸ ਸਿਸਟਮ ਵਾਲੀ, ਨਿਯਮਤ ਖਰੀਦ ਤਹਿਤ ਅੱਜ ਸ਼ਾਮ ਤਕ ਪੰਜਾਬ ਦੀਆਂ ਚਾਰ ਸਰਕਾਰੀ ਏਜੰਸੀਆਂ ਪਨਗ੍ਰੇਨ, ਮਾਰਕਫ਼ੈੱਡ, ਪਨਸਪ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ ਮੰਡੀਆਂ 'ਚ ਕੁਲ 28 ਲੱਖ ਟਨ ਤੋਂ ਵਧ ਆਮਦ 'ਚੋਂ 26,40,000 ਟਨ ਤਕ ਕਣਕ ਦੀ ਖਰੀਦ ਕਰ ਲਈ ਗਈ ਸੀ ਅਤੇ ਕਿਸਾਨਾਂ ਨੂੰ ਹੁਣ ਤਕ 626 ਕਰੋੜ ਦੀ ਅਦਾਇਗੀ ਕਰ ਦਿਤੀ ਸੀ।
ਰੋਜ਼ਾਨਾ ਸਪੋਕਸਮੈਨ ਵਲੋਂ ਸੰਪਰਕ ਕਰਨ 'ਤੇ ਅਨਾਜ ਸਪਲਾਈ ਵਿਭਾਗ ਦੀ ਖਰੀਦ ਕੇਂਦਰ ਬਿੰਦੂ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਦਸਿਆ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਚਲਦਿਆਂ ਮੰਡੀਆਂ 'ਚ ਭੀੜ ਰੋਕਣ ਲਈ ਟੋਕਨ-ਪਾਸ ਸਿਸਟਮ ਰਾਹੀਂ ਵੱਖ-ਵੱਖ ਜਿਲ੍ਹਿਆਂ ਦੇ ਕਿਸਾਨਾਂ ਨੂੰ ਅਪਣੀ ਫ਼ਸਲ ਤੈਅਸ਼ੁਦਾ ਮੰਡੀਆਂ 'ਚ ਲਿਆਉਣ ਦੀ ਇਜਾਜ਼ਤ ਦਿਤੀ ਜਾਂਦੀ ਹੈ।ਉਨ੍ਹਾਂ ਦਸਿਆ ਕੁਲ 22570 ਕਰੋੜ ਦੀ ਕੈਸ਼-ਕ੍ਰੈਡਿਟ ਲਿਮਟ ਦੀ ਮਨਜ਼ੂਰ ਕੀਤੀ ਰਕਮ 'ਚੋਂ 626 ਕਰੋੜ ਅਦਾ ਕਰ ਦਿਤੀ ਹੈ ਅਤੇ ਇਹ ਅਦਾਇਗੀ 48 ਤੋਂ 72 ਘੰਟਿਆਂ ਦੇ ਵਿਚ-ਵਿਚ ਆੜ੍ਹਤੀਆਂ ਤੇ ਕਿਸਾਨਾਂ ਦੇ ਖਾਤਿਆਂ 'ਚ ਜਾ ਰਹੀ ਹੈ।
File photo
ਅਨੰਦਿਤਾ ਮਿੱਤਰਾ ਨੇ ਦਸਿਆ ਕਿ ਮੰਤਰੀਆਂ ਸਮੇਤ ਸੀਨੀਅਰ ਅਧਿਕਾਰੀ ਜਿਨ੍ਹਾਂ 'ਚ ਰਵੀ ਭਗਤ, ਵਰੁਣ ਰੂਜ਼ਮ, ਰਾਮਬੀਰ, ਮਨਜੀਤ ਬਰਾੜ ਤੇ ਹੋਰ ਮੈਨੇਜਿੰਗ ਡਾਇਰੈਕਟਰ, ਵੱਡੀਆਂ ਤੇ ਛੋਟੀਆਂ ਮੰਡੀਆਂ 'ਚ ਕਿਸਾਨਾਂ ਤੇ ਹੋਰ ਸਟਾਫ਼ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਲਗਾਤਾਰ ਚੱਕਰ ਮਾਰ ਰਹੇ ਹਨ।
ਅਨਾਜ ਸਪਲਾਈ ਡਾਇਰੈਕਟਰ ਨੇ ਦਸਿਆ ਕਿ ਕੁਲ 135 ਲੱਖ ਟਨ ਕਣਕ ਖਰੀਦ ਦੇ ਟੀਚੇ 'ਚੋਂ ਸੱਭ ਤੋਂ ਵਧ 35 ਪ੍ਰਤੀਸ਼ਤ ਪਨਗ੍ਰੇਨ ਨੇ ਖਰੀਦਣਾ ਹੈ ਅਤੇ ਬਾਕੀ ਤਿੰਨ ਏਜੰਸੀਆਂ ਸਮੇਤ ਕੇਂਦਰੀ ਅਨਾਜ ਨਿਗਮ ਨੇ ਮੰਡੀਆਂ 'ਚੋਂ ਚੁਕਣਾ।
ਐਫ਼.ਸੀ.ਆਈ. ਨੂੰ 15 ਪ੍ਰਤੀਸ਼ਤ ਅਲਾਟ ਹੋਈ ਹੈ ਅਤੇ ਬਾਕੀ 50 ਫ਼ੀ ਸਦੀ ਯਾਨੀ ਅੱਧੀ 'ਚੋਂ ਪਨਸਪ, ਮਾਰਕਫ਼ੈੱਡ ਤੇ ਵੇਅਰ ਹਾਊਸਿੰਗ ਨੇ ਖਰੀਦਣਾ ਹੈ।
ਫਿਲਹਾਲ ਸਾਰੇ 22 ਜ਼ਿਲ੍ਹਿਆਂ 'ਚੋਂ ਸੰਗਰੂਰ ਜ਼ਿਲ੍ਹਾ ਕਣਕ ਖਰੀਦ 'ਚ ਅੱਗੇ ਹੈ। ਐਤਕੀਂ 12,27,000 ਟਨ ਦਾ ਟੀਚਾ ਹੈ, ਇਸ ਜ਼ਿਲ੍ਹੇ 'ਚੋਂ ਪਿਛਲੇ ਸਾਲ 11,89,000 ਟਨ ਕਣਕ ਦੀ ਖਰੀਦ ਹੋਈ ਸੀ। ਅਨੰਦਿਤਾ ਮਿੱਤਰਾ ਦਾ ਕਹਿਣਾ ਹੈ ਕਿ ਉਂਜ ਤਾਂ 15 ਜੂਨ ਤਕ ਖਰੀਦ ਕਰਨੀ ਹੈ, ਪਰ ਲਗਦਾ ਹੈ ਕੁਲ ਖਰੀਦ 31 ਮਈ ਤਕ ਪੂਰੀ ਕਰ ਲਈ ਜਾਵੇਗੀ।